ਚੰਡੀਗੜ੍ਹ, 20 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਪ੍ਰਧਾਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਖੁੱਲ੍ਹੀ ਚਿੱਠੀ ਲਿਖੀ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ 2022 ’ਚ ਵੀ ਆਪਣਾ ਸਿਆਸੀ ਸਫ਼ਰ ਜਾਰੀ ਰੱਖਣ ਦੇ ਫੈ਼ਸਲੇ ਦਾ ਇਹ ਕਹਿੰਦੇ ਹੋਏ ਸਵਾਗਤ ਕੀਤਾ ਹੈ ਕਿ ਸ਼ਾਇਦ ਇਕ ਹੋਰ ਪਾਰੀ ਖ਼ਾਤਰ ਕੈਪਟਨ ਹੁਣ ਪੰਜਾਬ ਤੇ ਪੰਜਾਬੀਅਤ ਪ੍ਰਤੀ ਅਖ਼ਤਿਆਰ ਕੀਤੇ ਲਾਪ੍ਰਵਾਹ ਵਤੀਰੇ ਨੂੰ ਤਿਆਗ ਦੇਣ। ਇਸ ਬਾਅਦ ਹੁਣ ਸ਼ਾਇਦ ਮੁੱਖ ਮੰਤਰੀ ਪੰਜਾਬ ਦੀ ਨਿੱਘਰ ਚੁੱਕੀ ਸਿਹਤ ਅਤੇ ਲੋਕ ਮਸਲਿਆਂ ਨੂੰ ਗੰਭੀਰਤਾ ਨਾਲ ਲੈਣ ਅਤੇ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਦਿਨ ਰਾਤ ਇਕ ਕਰ ਦੇਣ, ਜਿਨ੍ਹਾਂ ਤੋਂ ਉਹ ਹੁਣ ਯੂ-ਟਰਨ ਮਾਰ ਚੁੱਕੇ ਹਨ।
ਸ੍ਰੀ ਅਰੋੜਾ ਨੇ ਤਿੱਖੀ ਸੁਰ ਵਿੱਚ ਲਿਖਿਆ ਕਿ ਕੈਪਟਨ ਦੇ ਇਸ ਸਿਆਸੀ ਮੋੜ ਤੋਂ ਸਪੱਸ਼ਟ ਹੋ ਗਿਆ ਹੈ ਕਿ ਉਹ ਵੀ ਅਜਿਹੇ ਨੇਤਾਵਾਂ ਵਿੱਚ ਸ਼ਾਮਲ ਹੋ ਗਏ ਹਨ, ਜੋ ਪੰਜਾਬ ਦੇ ਹਿੱਤਾਂ ਦੀ ਦੁਹਾਈ ਦੇ ਕੇ ਖੁ਼ਦਗਰਜ਼ੀਆਂ ਪਾਲਦੇ ਹਨ। ਕੈਪਟਨ ਅਮਰਿੰਦਰ ਨੇ ਪੰਜਾਬ ਵਿੱਚ ਹਰ ਘਰ ’ਚ ਨੌਕਰੀ ਦੇਣ, ਕਿਸਾਨਾਂ ਤੇ ਮਜ਼ਦੂਰਾਂ ਦਾ ਪੂਰਾ ਕਰਜ਼ਾ ਮੁਆਫ਼ ਕਰਨ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਮੁਕਤ ਕਰਨ ਆਦਿ ਦੇ ਵਾਅਦਿਆਂ ਤੋਂ ਜਿਵੇਂ ਮੂੰਹ ਮੋੜਿਆ ਹੈ, ਉਸੇ ਤਰ੍ਹਾਂ ਹੁਣ ਸਿਆਸੀ ਮੋੜ ਵੀ ਕੱਟਣ ਲੱਗੇ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ਅੱਜ ਪੰਜਾਬ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਚਰਚਾ ਹੈ ਕਿ ਕੈਪਟਨ ਪੰਜਾਬ ਦੇ ਮਸਲਿਆਂ ਤੋਂ ਮੂੰਹ ਮੋੜ ਗਏ ਹਨ। ਕੈਪਟਨ ਦੇ ਲੋਕਾਂ ਤੋਂ ਦੂਰ ਜਾਣ ਅਤੇ ਸੰਸਦ ਮੈਂਬਰਾਂ ਸਮੇਤ ਵਿਧਾਇਕਾਂ ਨੂੰ ਵੀ ਮਿਲਣ ਤੋਂ ਕਿਨਾਰਾ ਕਰਨ ਦੀ ਸੂਬੇ ਭਰ ਵਿੱਚ ਚਰਚਾ ਹੈ। ਕੈਪਟਨ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖੁ਼ਦਕੁਸ਼ੀਆਂ ਰੋਕਣ ਬਜਾਏ ਇਸ ਸਮੱਸਿਆ ਤੋਂ ਮੂੰਹ ਮੋੜ ਗਏ ਹਨ। ਇਸ ਕਾਰਨ ਉਨ੍ਹਾਂ ਦੀ ਕਾਰਜਸ਼ੈਲੀ ’ਤੇ ਵੱਡੇ ਸਵਾਲ ਖੜ੍ਹੇ ਹੋਏ ਹਨ।  ਸ੍ਰੀ ਅਰੋੜਾ ਨੇ ਕੈਪਟਨ ਅਮਰਿੰਦਰ ਨੂੰ ਮਜ਼ਾਕੀਆ ਲਹਿਜੇ ਵਿੱਚ ਅਗਲੀ ਸਿਆਸੀ ਪਾਰੀ ਲਈ ਮੁਬਾਰਕ ਦਿੰਦਿਆਂ ਕਿਹਾ ਕਿ ਲੋਕ ਸਾਲ 2022 ਵਿੱਚ ਮੁੱਖ ਮੰਤਰੀ ਦੀ ਕਾਰਜ਼ਸ਼ਾਲੀ ਦਾ ਪੂਰਾ ਸ਼ੀਸ਼ਾ ਦਿਖਾਉਣਗੇ।