ਚੰਡੀਗੜ, 28 ਸਤੰਬਰ:
ਉੱਘੀ ਕਵਿੱਤਰੀ ਲਿਲੀ ਸਵਰਨ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕਾਵਿ-ਸੰਗ੍ਰਹਿ ‘ਦਾ ਟ੍ਰੈਲਿਸ ਆਫ ਐਕਸਟਸੀ’ ਭੇਟ ਕੀਤਾ ਅਤੇ ਮੁੱਖ ਮੰਤਰੀ ਨੇ ਕਵਿੱਤਰੀ ਦੇ ਭਾਵਪੂਰਨ ਅਤੇ ਪ੍ਰੇਰਨਾਮਈ ਕੰਮ ਦੀ ਜ਼ੋਰਦਾਰ ਸ਼ਲਾਘਾ ਕੀਤੀ।
ਲਿਲੀ ਸਵਰਨ ਨੂੰ ਵਧਾਈ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਹ ਕਾਵਿ-ਸੰਗ੍ਰਹਿ ਮਾਨਵੀ ਜੀਵਨ ਦਾ ਸ਼ਾਨਦਾਰ ਪ੍ਰਗਟਾਵਾ ਹੈ ਜੋ ਭਾਵਨਾਵਾਂ ਧੁਰ ਅੰਦਰ ਤੱਕ ਛੰੂਹਦਾ ਹੈ ਅਤੇ ਕੋਈ ਵੀ ਵਿਅਕਤੀ ਇਸ ਨੂੰ ਸੁਖਾਲਾ ਹੀ ਆਪਣੇ ਆਪ ਨਾਲ ਜੋੜ ਸਕਦਾ ਹੈ।
ਸਾਲ 2016 ਦੌਰਾਨ ਕਵਿਤਾ ਦੇ ਖੇਤਰ ਵਿੱਚ ਅੰਤਰ-ਰਾਸ਼ਟਰੀ ਅਵਾਰਡ ਹਾਸਲ ਕਰਨ ਤੋਂ ਇਲਾਵਾ ਇਸ ਖੇਤਰ ਵਿੱਚ ਆਪਣੇ ਕਾਰਜ ਲਈ ਅਨੇਕਾਂ ਸਨਮਾਨ ਹਾਸਲ ਕਰਨ ਵਾਲੀ ਲਿਲੀ ਸਵਰਨ ਆਪਣੀ ਕਵਿਤਾ ਅਤੇ ਸ਼ਾਨਦਾਰ ਵਾਰਤਕ ਲਈ ਜਾਣੀ ਜਾਂਦੀ ਹੈ। ਉਨਾਂ ਦੀਆਂ ਕਵਿਤਾਵਾਂ ਇਟਾਲੀਅਨ ਭਾਸ਼ਾ ਵਿੱਚ ਵੀ ਅਨੁਵਾਦ ਹੋਈਆਂ ਹਨ ਅਤੇ ਦੁਨੀਆ ਭਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਅਦਾਰਿਆਂ ਨੇ ਉਨਾਂ ਦੀ ਕਵਿਤਾਵਾਂ ਨੂੰ ਮਾਨਤਾ ਦਿੱਤੀ ਹੈ।
ਗੌਰਤਲਬ ਹੈ ਕਿ ਸਾਲ 2013 ਵਿੱਚ ਲਿਲੀ ਦੇ ਨੌਜਵਾਨ ਪੁੱਤਰ ਦੀ ਕੈਂਸਰ ਨਾਲ ਦੁਖਦਾਈ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਨਾਂ ਨੇ ਕਵਿਤਾ ਲਿਖਣੀ ਸ਼ੁਰੂ ਕੀਤੀ। ਮੁੱਖ ਮੰਤਰੀ ਨੇ ਇਸ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਇਨਾਂ ਤੋਂ ਇਹ ਲੱਗਦਾ ਹੈ ਕਿ ਲਿਲੀ ਨੇ ਉਨਾਂ ਜਜ਼ਬਾਤਾਂ ਵਿੱਚ ਵਹਿ ਕੇ ਇਹ ਰਚਨਾਵਾਂ ਰਚੀਆਂ ਹਨ ਅਤੇ ਜਾਨਦਾਰ ਸ਼ਬਦਾਂ ਦੀ ਵਰਤੋਂ ਕੀਤੀ ਹੈ। ਲਿਲੀ ਦੇ ਹੁਨਰ ਦੀ ਸਰਹਾਨਾ ਕਰਦੇ ਹੋਏ ਉਨਾਂ ਕਿਹਾ ਕਿ ਲਿਲੀ ਵਰਗੀ ਔਰਤ ਉੱਚ ਪ੍ਰਸੰਸਾ ਪ੍ਰਾਪਤ ਕਰਨ ਦੀ ਹੱਕਦਾਰ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਸੂਬੇ ਭਰ ਵਿੱਚ ਅਜਿਹੇ ਹੁਨਰ ਨੂੰ ਤਰਾਸ਼ਣ ਲਈ ਯਤਨ ਕਰ ਰਹੀ ਹੈ।