ਟੋਰਾਂਟੋ— ਕੈਨੇਡਾ ਨੂੰ ਜਿਥੇ ਸ਼ਰਣਾਰਥੀਆਂ ਲਈ ਪਨਾਹ ਹਾਸਲ ਕਰਨ ਵਾਲਾ ਸਭ ਤੋਂ ਸੌਖਾਲਾ ਦੇਸ਼ ਮੰਨਿਆਂ ਜਾਂਦਾ ਹੈ, ਉਥੇ ਇਹ ਵੀ ਖਬਰ ਆ ਰਹੀ ਹੈ ਕਿ ਕੈਨੇਡਾ ਨੇ ਸੈਂਕੜੇ ਸ਼ਰਣਾਰਥੀਆਂ ਨੂੰ ਡਿਪੋਰਟ ਕੀਤਾ ਹੈ, ਜੋ ਕਿ ਹਿੰਸਾਗ੍ਰਸਤ ਦੇਸ਼ਾਂ ਤੋਂ ਆਏ ਸਨ। ਇਹ ਖੁਲਾਸਾ ਸਰਕਾਰੀ ਰਿਪੋਰਟ ਰਾਹੀਂ ਸਾਹਮਣੇ ਆਇਆ ਹੈ।
ਸ਼ਰਣਾਰਥੀਆਂ ਨੂੰ ਡਿਪੋਰਟ ਕਰਨ ਦੀਆਂ ਖਬਰਾਂ ਅਜਿਹੇ ਸਮੇਂ ‘ਚ ਸਾਹਮਣੇ ਆ ਰਹੀਆਂ ਹਨ ਜਦੋਂ ਕੈਨੇਡਾ ਵੱਡੀ ਗਿਣਤੀ ‘ਚ ਪ੍ਰਵਾਸੀਆਂ ਦੇ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ ਤੇ ਆਮ ਕਰਕੇ ਸ਼ਰਣਾਰਥੀਆਂ ‘ਚ ਇਸ ਗੱਲ ਨੂੰ ਲੈ ਕੇ ਗਲਤ ਫਹਿਮੀ ਹੈ ਕਿ ਕੈਨੇਡਾ ਸ਼ਰਣਾਰਥੀਆਂ ਪ੍ਰਤੀ ਬੇਹੱਦ ਨਰਮ ਹੈ। ਕੈਨੇਡਾ ‘ਚ ਪਿਛਲੇ ਦਹਾਕੇ ਦੌਰਾਨ ਸਭ ਤੋਂ ਸ਼ਰਣਾਰਥੀਆਂ ਦੀਆਂ ਅਰਜ਼ੀਆਂ ਆਈਆਂ ਹਨ। ਵੱਡੀ ਗਿਣਤੀ ‘ਚ ਪਨਾਹ ਮੰਗਣ ਵਾਲਿਆਂ ਦੇ ਆਉਣ ਨਾਲ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ‘ਚ ਵੀ ਕੰਮ ਦਾ ਬਹੁਤ ਜ਼ਿਆਦਾ ਬੋਝ ਵਧ ਗਿਆ ਹੈ ਤੇ ਸਰਹੱਦੀ ਸੁਰੱਖਿਆ ਫੋਰਸਾਂ ਲਈ ਵੀ ਸ਼ਰਣਾਰਥੀਆਂ ਦੀ ਆਮਦ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। 
ਜਨਵਰੀ 2014 ਤੋਂ 6 ਸਤੰਬਰ 2017 ਤੱਕ ਕੈਨੇਡਾ ਨੇ 11 ਦੇਸ਼ਾਂ ਦੇ 249 ਲੋਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਿਆ ਹੈ। ਇਹ ਅਜਿਹੇ ਹਿੰਸਾਗ੍ਰਸਤ ਦੇਸ਼ ਹਨ, ਜਿਨ੍ਹਾਂ ‘ਚ ਮਨੁੱਖੀ ਜਾਨ ਲਈ ਸਭ ਤੋਂ ਵਧ ਖਤਰਾ ਹੈ। ਕੈਨੇਡੀਅਨ ਸਰਕਾਰ ਵਲੋਂ ਡਿਪੋਰਟ ਕੀਤੇ ਲੋਕਾਂ ‘ਚ 134 ਲੋਕ ਇਰਾਕ, 62 ਲੋਕ ਕਾਂਗੋ ਤੇ ਅਫਗਾਨਿਸਤਾਨ ਦੇ 43 ਲੋਕ ਦੇ ਹਨ।