ਓਨਟਾਰੀਓ— ਵਿੱਤ ਮੰਤਰੀ ਚਾਰਲਸ ਸੌਸਾ ਵੱਲੋਂ ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਵਿੱਤੀ ਅਪਡੇਟ ਮੁਹੱਈਆ ਕਰਵਾਈ ਜਾਵੇਗੀ ਜਿਸ ਨਾਲ ਛੋਟੇ ਪੱਧਰ ਦੇ ਕਾਰੋਬਾਰੀਆਂ ਨੂੰ ਟੈਕਸ ਤੋਂ ਥੋੜ੍ਹੀ ਰਾਹਤ ਮਿਲੇਗੀ। ਅਜਿਹਾ ਹੋਣ ਦੀ ਸੂਰਤ ‘ਚ ਕਰਮਚਾਰੀਆਂ ਨੂੰ ਵੀ ਉੱਚੇ ਘੱਟ ਤੋਂ ਘੱਟ ਭੱਤੇ ਮੁਹੱਈਆ ਕਰਵਾਏ ਜਾ ਸਕਣਗੇ। ਮੰਗਲਵਾਰ ਨੂੰ ਦਿੱਤੇ ਸਾਲ ਦੇ ਅੰਤ ਵਾਲੇ ਆਪਣੇ ਇਸ ਬਿਆਨ ‘ਚ ਸੌਸਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ 1 ਜਨਵਰੀ ਤੋਂ ਛੋਟੇ ਕਾਰੋਬਾਰੀਆਂ ਲਈ ਕਾਰਪੋਰੇਟ ਇਨਕਮ ਟੈਕਸ ਦਰਾਂ 4.5 ਫੀਸਦੀ ਦੀ ਥਾਂ ਘੱਟ ਕਰ ਕੇ 3.5 ਫੀਸਦੀ ਕਰ ਦਿੱਤੀਆਂ ਜਾਣਗੀਆਂ ਤੇ ਇਸੇ ਦਿਨ ਤੋਂ ਮਜ਼ਦੂਰੀ 11.60 ਡਾਲਰ ਪ੍ਰਤੀ ਘੰਟੇ ਦੀ ਥਾਂ 14 ਡਾਲਰ ਹੋ ਜਾਣਗੀਆਂ ਤੇ ਫਿਰ ਇੱਕ ਸਾਲ ਬਾਅਦ 2019 ‘ਚ ਇਹ ਮਜ਼ਦੂਰੀ ਦਰ ਵਧਾ ਕੇ 15 ਡਾਲਰ ਪ੍ਰਤੀ ਘੰਟਾ ਕਰ ਦਿੱਤਾ ਜਾਵੇਗਾ।
ਸੂਤਰਾਂ ਅਨੁਸਾਰ ਜਿਨ੍ਹਾਂ ਕੰਪਨੀਆਂ ਕੋਲ 100 ਤੋਂ ਘੱਟ ਕਰਮਚਾਰੀ ਹਨ ਉਨ੍ਹਾਂ ਦੀ ਮਦਦ ਲਈ ਸੌਸਾ ਵੱਲੋਂ 500 ਮਿਲੀਅਨ ਡਾਲਰ ਦੀਆਂ ਨਵੀਆਂ ਪੇਸਕਦਮੀਆਂ ਦਾ ਐਲਾਨ ਕੀਤਾ ਗਿਆ। 15 ਤੋਂ 29 ਸਾਲਾਂ ਦਰਮਿਆਨ ਦੇ ਕਾਮਿਆਂ ਨੂੰ ਹਾਇਰ ਕਰਨ ਤੇ ਕੰਮ ਉੱਤੇ ਬਣਾਈ ਰੱਖਣ ਲਈ ਤਿੰਨ ਸਾਲਾਂ ‘ਚ 124 ਮਿਲੀਅਨ ਡਾਲਰ ਇਸ ‘ਚੋਂ ਖਰਚੇ ਜਾਣਗੇ। ਖਜਾਨਾ ਸਰਪਲਸ ਹੋਣ ਕਾਰਨ ਸੌਸਾ ਨੇ ਪਿਛਲੇ ਹਫਤੇ ਆਖਿਆ ਸੀ ਕਿ 155 ਮਿਲੀਅਨ ਤਿੰਨ ਸਾਲਾਂ ਦੇ ਅਰਸੇ ‘ਚ ਸੀਨੀਅਰਜ ਸਟਰੈਟੇਜੀ ਉੱਤੇ ਖਰਚੇ ਜਾਣਗੇ। ਇਸ ਤਹਿਤ ਸੀਨੀਅਰਜ ਨੂੰ ਲੋੜੀਂਦੀਆਂ ਦਵਾਈਆਂ ਅਸਾਨੀ ਨਾਲ ਮੁਹੱਈਆ ਕਰਵਾਉਣ ਲਈ ਨਵੀਂ ਵੈੱਬਸਾਈਟ ਤਿਆਰ ਕੀਤੀ ਜਾਵੇਗੀ, ਉਨ੍ਹਾਂ ਲਈ ਮਨੋਰੰਜਕ ਪ੍ਰੋਗਰਾਮ, ਵਾਲੰਟੀਅਰਜ ਆਪਰਚੂਨਿਟੀਜ, ਟੈਕਸ ਕ੍ਰੈਡਿਟ ਤੇ ਪਾਵਰਜ ਆਫ ਅਟਾਰਨੀ ਵਰਗੇ ਫਾਇਦੇ ਮੁਹੱਈਆ ਕਰਵਾਏ ਜਾਣਗੇ।