ਮਾਂਟ੍ਰੀਅਲ— ਕੈਨੇਡਾ ਦੇ ਐਡਮੋਨਟਨ ‘ਚ ਸ਼ਨੀਵਾਰ ਨੂੰ ਇਕ ਵਿਅਕਤੀ ਨੇ ਚਾਰ ਲੋਕਾਂ ਨੂੰ ਟਰੱਕ ਨਾਲ ਦਰੜ ਦਿੱਤਾ ਅਤੇ ਇਕ ਟ੍ਰੈਫਿਕ ਪੁਲਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਕੈਨੇਡਾ ਫੁੱਟਬਾਲ ਲੀਗ ਦੌਰਾਨ ਆਵਾਜਾਈ ਕੰਟਰੋਲ ਕਰ ਰਹੇ ਅਧਿਕਾਰੀ ‘ਤੇ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਟਰੱਕ ‘ਚ ਸਵਾਰ ਹੋ ਕੇ ਪੈਦਲ ਜਾ ਰਹੇ ਲੋਕਾਂ ਨੂੰ ਦਰੜ ਦਿੱਤਾ। ਘਟਨਾ ਤੋਂ ਬਾਅਦ ਪੁਲਸ ਨੇ ਹਮਲਾਵਰ ਡਰਾਈਵਰ ਦਾ ਪਿੱਛਾ ਕੀਤਾ ਅਤੇ ਦੋ ਘੰਟੇ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਅੱਤਵਾਦੀ ਹਮਲੇ ਦੇ ਐਂਗਲ ਨਾਲ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੈਨੇਡਾ ਦੀ ਪੁਲਸ ਮੁਤਾਬਕ ਇਕ ਵਾਹਨ ਨੇੜਿਓਂ ਇਸਲਾਮਿਕ ਸਟੇਟ ਦਾ ਝੰਡਾ ਵੀ ਬਰਾਮਦ ਹੋਇਆ ਹੈ। ਐਡਮੋਨਟਨ ਪੁਲਸ ਸਰਵਿਸ ਦੇ ਚੀਫ ਰਾਡ ਨੇਚਟ ਨੇ ਕਿਹਾ ਕਿ ਅਲਬਰਟਾ ਦੇ ਕਾਮਨਵੈਲਥ ਸਟੇਡੀਅਮ ਦੇ ਬਾਹਰ ਟ੍ਰੈਫਿਕ ਪੁਲਸ ਅਤੇ ਉਨ੍ਹਾਂ ਦੀਆਂ ਗੱਡੀਆਂ ਨੂੰ ਇਕ ਸਫੈਦ ਰੰਗ ਦੀ ਸ਼ੇਵਰੋਲੇਟ ਮਾਲਿਬੂ ਕਾਰ ਨੇ ਸਥਾਨਕ ਸਮੇਂ ਅਨੁਸਾਰ ਰਾਤ 8:15 ਵਜੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਡਰਾਈਵਰ ਆਪਣੀ ਗੱਡੀ ‘ਚੋਂ ਬਾਹਰ ਨਿਕਲਿਆ ਅਤੇ ਭੱਜਣ ਤੋਂ ਪਹਿਲਾਂ ਹੀ ਉਸ ਨੇ ਅਧਿਕਾਰੀ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਅਧਿਕਾਰੀ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।