ਓਟਾਵਾ — ਬਰੈਂਪਟਨ ਸਾਊਥ ਤੋਂ ਐੱਮ. ਪੀ. ਸੋਨੀਆ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਅਤੇ ਯੂਰਪੀ ਯੂਨੀਅਨ ਦਰਮਿਆਨ ਹੋਈ ਵਿਆਪਕ ਆਰਥਿਕ ਅਤੇ ਵਪਾਰ ਸੰਧੀ (ਸੀ. ਈ. ਟੀ. ਏ.) ਜੋ 21 ਸਤੰਬਰ ਤੋਂ ਲਾਗੂ ਹੋ ਗਈ, ਨਾਲ ਓਨਟਾਰੀਓ ਅਤੇ ਖਾਸ ਤੌਰ ‘ਤੇ ਬਰੈਂਪਟਨ ਸਾਊਥ ਨੂੰ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸੰਧੀ ਨਾਲ ਕੈਨੇਡਾ ਦੇ ਕਾਰੋਬਾਰੀਆਂ ਲਈ ਯੂਰਪੀ ਵਸਤਾਂ ਅਤੇ ਸੇਵਾਵਾਂ ਤੱਕ ਪਹੁੰਚ ਦਾ ਰਾਹ ਵਧੇਰੇ ਸੁਖਾਲਾ ਹੋ ਗਿਆ ਹੈ। ਇਸ ਤੋਂ ਇਲਾਵਾ ਕੈਨੇਡਾ ਤੋਂ ਯੂਰਪ ਭੇਜੀਆਂ ਜਾਣ ਵਾਲੀਆਂ ਵਸਤਾਂ ‘ਤੇ ਲੱਗਣ ਵਾਲਾ ਬਰਾਮਦ ਟੈਕਸ ਖਤਮ ਹੋ ਗਿਆ ਹੈ, ਜਿਸ ਨਾਲ ਬਰੈਂਪਟਨ ਦੇ ਉਦਯੋਗਾਂ ਸਮੇਤ ਕੈਨੇਡਾ ਭਰ ਦੇ ਸਨਅਤਕਾਰਾਂ ਨੂੰ ਯੂਰਪੀ ਯੂਨੀਅਨ ‘ਚ ਨਵੇਂ ਮੌਕੇ ਮਿਲਣਗੇ।
ਸੀ. ਈ. ਟੀ. ਏ. ਲਾਗੂ ਹੋਣ ਤੋਂ ਪਹਿਲਾਂ ਕੈਨੇਡਾ ਤੋਂ ਯੂਰਪ ਭੇਜੀਆਂ ਜਾਣ ਵਾਲੀਆਂ ਸਿਰਫ 25 ਫੀਸਦੀ ਵਸਤਾਂ ਡਿਊਟੀ ਮੁਕਤ ਸਨ ਜਦਕਿ ਹੁਣ ਇਨ੍ਹਾਂ ਦੀ ਗਿਣਤੀ 98 ਫੀਸਦੀ ਹੋ ਗਈ ਹੈ। ਆਉਂਦੇ 7 ਸਾਲਾਂ ‘ਚ 1 ਫੀਸਦੀ ਹੋਰ ਵਸਤਾਂ ਤੋਂ ਡਿਊਟੀ ਖਤਮ ਹੋ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਬਰੈਂਪਟਨ ਸਾਊਥ ਦੇ ਛੋਟੇ ਕਾਰੋਬਾਰੀਆਂ, ਖਪਤਕਾਰਾਂ, ਪਰਵਾਰਕ ਵਪਾਰ ਚਲਾਉਣ ਵਾਲਿਆਂ ‘ਤੇ ਸਟਾਰਟਅੱਪ ਕੰਪਨੀਆਂ ਨੂੰ ਯੂਰਪੀ ਯੂਨੀਅਨ ਦੇ ਬਾਜ਼ਾਰ ‘ਚ ਭਾਈਵਾਲੀ ਦੇ ਵਧੇਰੇ ਮੌਕੇ ਮਿਲਣਗੇ ਜਿਸ ਦਾ ਸਿੱਧਾ ਫਾਇਦਾ ਕੈਨੇਡਾ ਦੀ ਆਰਥਿਕਤਾ ਨੂੰ ਹੋਵੇਗਾ ਅਤੇ ਮੱਧ ਵਰਗੀ ਪਰਿਵਾਰਾਂ ਲਈ ਰੁਜ਼ਗਾਰ ਦੇ ਵਧ ਤੋਂ ਵਧ ਮੌਕੇ ਹੋਣਗੇ।