ਓਨਟਾਰੀਓ— ਕਿਸੇ ਵੀ ਦੇਸ਼ ਦੀ ਸੁਰੱਖਿਆ ਦਾ ਆਧਾਰ ਉਸ ਦੇਸ਼ ਦੀ ਫੌਜ ਹੁੰਦੀ ਹੈ। ਕੈਨੇਡਾ ਨੇ ਆਪਣੇ ਦੇਸ਼ ਦੀ ਸੁਰੱਖਿਆ ਲਈ ਕਈ ਸੁਰੱਖਿਆ ਯੂਨਿਟਾਂ ਦਾ ਗਠਨ ਕੀਤਾ ਹੈ, ਜਿਨ੍ਹਾਂ ‘ਚੋਂ ਇਕ ਹੈ ਕੈਨੇਡਾ ਦੀ ਗੁਪਤ ਫੌਜ। ਗੁਪਤ ਫੌਜ ‘ਚ ਕੰਮ ਕਰਦੇ ਸੁਰੱਖਿਆ ਕਰਮੀਆਂ ਨੂੰ ਐਲੀਟ ਫੌਜੀ ਕਿਹਾ ਜਾਂਦਾ ਹੈ। ਕੈਨੇਡਾ ਦੀ ਇਸ ਫੌਜ ਨੂੰ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ। ਇਸ ਫੌਜ ‘ਤੇ ਕੈਨੇਡਾ ਸਰਕਾਰ ਹੁਣ ਨਵੀਂਆਂ ਪਾਬੰਦੀਆਂ ਲਾਉਣ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕੈਨੇਡਾ ‘ਚ ਗੁਪਤ ਫੌਜੀ ਆਪਰੇਸ਼ਨਜ਼ ‘ਚ ਸ਼ਾਮਲ ਅਲੀਟ ਫੌਜੀਆਂ ਨੂੰ ਹੁਣ 180 ਦਿਨਾਂ ਤੋਂ ਵੱਧ ਦਿਨਾਂ ਤੱਕ ਬਿਮਾਰ ਜਾਂ ਜ਼ਖ਼ਮੀ ਹੋਣ ਦੀ ਸੂਰਤ ‘ਚ ਆਪਣੇ ਮਹੀਨਾਵਾਰ ਸਪੈਸ਼ਲ ਅਲਾਉਂਸ ਨੂੰ ਹੱਥ ਧੋਣੇ ਪੈਣਗੇ।
ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਵੱਲੋਂ ਸਤੰਬਰ ‘ਚ ਇਸ ਤਰ੍ਹਾਂ ਦੀ ਨੀਤੀ ਨੂੰ ਚੁੱਪ ਚੁਪੀਤਿਆਂ ਹੀ ਅੱਗੇ ਵਧਾ ਦਿੱਤਾ ਗਿਆ। ਇਨ੍ਹਾਂ ਨਵੇਂ ਨਿਯਮਾਂ ਅਨੁਸਾਰ ਕੈਨੇਡੀਅਨ ਸਪੈਸ਼ਲ ਆਪਰੇਸ਼ਨਜ਼ ਫੋਰਸਿਜ਼ ਨਾਲ ਜੁੜੇ ਕਰਮਚਾਰੀਆਂ, ਜਿਨ੍ਹਾਂ ‘ਚੋਂ ਬਹੁਤੇ ਦੁਨੀਆ ਭਰ ‘ਚ ਟੌਪ ਸੀਕ੍ਰੇਟ ਮਿਸ਼ਨਜ਼ ਉੱਤੇ ਰਹਿ ਚੁੱਕੇ ਹਨ, ‘ਚ ਪੈਰਾਟਰੂਪਰਜ਼, ਸਬਮਰੀਨ ਅਮਲਾ, ਪਾਇਲਟਸ ਤੇ ਹਵਾਈ ਅਮਲਾ, ਰੈਸਕਿਊ ਟੈਕਨੀਸ਼ੀਅਨਜ਼, ਬੇੜਿਆਂ ‘ਚ ਕੰਮ ਕਰਨ ਵਾਲਾ ਅਮਲਾ ਸ਼ਾਮਲ ਹਨ।
ਸੂਤਰਾਂ ਨੇ ਦੱਸਿਆ ਕਿ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਵੱਲੋਂ ਇਸ ਨੀਤੀ ਨੂੰ ਲਾਗੂ ਕੀਤਾ ਜਾ ਰਿਹਾ ਹੈ। ਪਰ ਇਸ ਵਿਵਾਦਗ੍ਰਸਤ ਨੀਤੀ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਇਸ ਦਾ ਦੁਖੜਾ ਜਨਤਕ ਤੌਰ ਉੱਤੇ ਵੀ ਨਹੀਂ ਰੋ ਸਕਦੇ ਕਿਉਂਕਿ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਕੁੱਝ ਕੁ ਦਾ ਕਹਿਣਾ ਹੈ ਕਿ ਉਹ ਇਸ ਲਈ ਪਰੇਸ਼ਾਨ ਹਨ ਤੇ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਟੈਂਪਰੇਰੀ ਸੱਟਾਂ ਲਈ ਉਨ੍ਹਾਂ ਨੂੰ ਵਿੱਤੀ ਨੁਕਸਾਨ ਕਿਉਂ ਸਹਿਣਾ ਹੋਵੇਗਾ।
ਕੈਨੇਡੀਅਨ ਫੋਰਸਿਜ਼ ਵੱਲੋਂ ਇਨ੍ਹਾਂ ਨਵੇਂ ਨਿਯਮਾਂ ਦਾ ਪੱਖ ਪੂਰਿਆ ਜਾ ਰਿਹਾ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਤਨਖਾਹ ਅਸਲ ਵਿੱਚ ਕੁੱਝ ਡਿਊਟੀਆਂ ਨਾਲ ਜੁੜੀ ਹੋਈ ਹੈ ਜਿਹੜੀਆਂ ਇਨ੍ਹਾਂ ਫੌਜੀ ਟੁਕੜੀਆਂ ਨੂੰ ਨਿਭਾਉਣ ਲਈ ਯੋਗ ਬਣਨਾ ਪੈਂਦਾ ਹੈ।