ਕੈਨੇਡਾ — ਬੁੱਧਵਾਰ ਨੂੰ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ‘ਚ ਕਈ ਵੱਡੇ ਫੈਸਲੇ ਲਏ ਗਏ ਹਨ, ਜਿਸ ਤਹਿਤ ਲਗਜ਼ਰੀ ਕਾਰਾਂ ‘ਤੇ ਸੈੱਸ 10 ਫੀਸਦੀ ਵਧਾਉਣ ਦਾ ਫੈਸਲਾ ਲਿਆ ਗਿਆ। ਕਾਰਾਂ ‘ਤੇ ਮੌਜੂਦਾ ਸਮੇਂ 28 ਫੀਸਦੀ ਜੀ. ਐੱਸ. ਟੀ. ਦੇ ਇਲਾਵਾ 15 ਫੀਸਦੀ ਸੈੱਸ ਹੈ, ਜੋ ਕਿ ਹੁਣ 25 ਫੀਸਦੀ ਹੋ ਜਾਵੇਗਾ, ਯਾਨੀ ਲਗਜ਼ਾਰੀ ਕਾਰਾਂ ਮਹਿੰਗੀਆਂ ਹੋ ਜਾਣਗੀਆਂ। 
ਉੱਥੇ ਹੀ ਕੈਬਨਿਟ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਅਰੁਣ ਜੇਤਲੀ ਨੇ ਦੱਸਿਆ ਕਿ ਭਾਰਤ ਅਤੇ ਕੈਨੇਡਾ ਵੱਲੋਂ ਸਾਂਝੇ ਤੌਰ ‘ਤੇ ਦਿਵਾਲੀ ਥੀਮ ‘ਤੇ 2 ਯਾਦਗਾਰੀ ਡਾਕ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ। ਇਹ ਟਿਕਟਾਂ 21 ਸਤੰਬਰ 2017 ਨੂੰ ਜਾਰੀ ਹੋਣਗੀਆਂ। ਇਸ ਤਹਿਤ ਭਾਰਤੀ ਡਾਕ ਵਿਭਾਗ ਅਤੇ ਕੈਨੇਡਾ ਡਾਕ ਵਿਭਾਗ ਵਿਚਕਾਰ ਸਮਝੌਤਾ ਹੋਇਆ ਹੈ। ਕੈਨੇਡਾ ‘ਚ ਵੱਡੀ ਗਿਣਤੀ ‘ਚ ਭਾਰਤੀਆਂ ਦੀ ਮੌਜੂਦਗੀ ਅਤੇ ਦੋਹਾਂ ਦੇਸ਼ਾਂ ਦੇ ਸੱਭਿਆਚਾਰ ਨੂੰ ਦੇਖਦੇ ਹੋਏ ‘ਦਿਵਾਲੀ ਥੀਮ’ ਨੂੰ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦਿਵਾਲੀ ਦਾ ਤਿਉਹਾਰ ਭਾਰਤ ਅਤੇ ਵਿਦੇਸ਼ਾਂ ‘ਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਸ ਦੇ ਮੱਦੇਨਜ਼ਰ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਸੰਬੰਧਾਂ ਨੂੰ ਨਵੀਂ ਮਜ਼ਬੂਤੀ ਦਿੰਦੇ ਹੋਏ ਯਾਦਗਾਰੀ ਟਿਕਟਾਂ ਜਾਰੀ ਕਰਨ ਦਾ ਫੈਸਲਾ ਕੀਤਾ ਹੈ।