ਅੰਮ੍ਰਿਤਸਰ 28 ਸਤੰਬਰ : ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕੀਤੇ ਵਾਅਦੇ ਪੂਰੇ ਨਾ ਕਰਨ ਲਈ ਕਾਂਗਰਸ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਉਹਨਾਂ ਦੋਸ਼ ਲਾਇਆ ਕਿ ਕਿਸਾਨਾਂ ਨਾਲ ਵੱਡੇ ਵੱਡੇ ਵਾਅਦੇ ਕਰਨ ਵਾਲੀ ਸਰਕਾਰ ਪੰਜ ਮਹੀਨੇ ਬੀਤ ਜਾਣ ‘ਤੇ ਵੀ ਕਿਸਾਨਾਂ ਨੂੰ ਕਣਕ ਦੇ ਬਕਾਏ ਦੀ ਅਦਾਇਗੀ ਕਰਨ ‘ਚ ਨਾਕਾਮ ਰਹੀ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਗੁਰਦਾਸਪੁਰ ਜਿਮਨੀ ਚੋਣ ਦੇ ਮੱਦੇ ਨਜ਼ਰ ਕਾਂਗਰਸ ਵੱਲੋਂ ਕਿਸਾਨਾਂ ਨੂੰ ਫਿਰ ਗੁਮਰਾਹ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਕਾਂਗਰਸ ਸਰਕਾਰ ਵਿਕਾਸ,ਲੋਕ ਭਲਾਈ ਸਕੀਮਾਂ ਅਤੇ ਕਿਸਾਨੀ ਖੁਦਕੁਸ਼ੀਆਂ ਦੇ ਮੁੱਦੇ ਪ੍ਰਤੀ ਗੰਭੀਰ ਹੋਣ ਦੀ ਥਾਂ ਫਰਾਡ, ਧੋਖਾਧੜੀ, ਦੋਗਲੇਪਨ ਅਤੇ ਜੁਮਲੇਬਾਜੀ ਦੀ ਸਿਆਸਤ ਕਰ ਰਹੀ ਹੈ।ਸ: ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਦੀਆਂ ਦੁੱਖਾਂ ਤਕਲੀਫ਼ਾਂ ਨੂੰ ਮਹਿਸੂਸ ਕਰਨ ਦੀ ਥਾਂ ਸਰਕਾਰ ਅਤੇ ਕਾਂਗਰਸ ਦੋਗਲੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕੋਲ ਮੱਧ ਪ੍ਰਦੇਸ਼ ਦੇ ਕਿਸਾਨਾਂ ਦੀ ਸਾਰ ਲੈਣ ਦਾ ਸਮਾਂ ਹੈ ਪਰ ਪੰਜਾਬ ਜਿੱਥੇ ਕਾਂਗਰਸ ਦੀ ਸਰਕਾਰ ਹੈ ‘ਚ ਕਿਸਾਨੀ ਦੀ ਸਾਰ ਲੈਣ ਤੋਂ ਭਜ ਰਹੇ ਹਨ। ਉਹਨਾਂ ਨੌਜਵਾਨ ਕਿਸਾਨਾਂ ਦੀ ਖੁਦਕੁਸ਼ੀ ਪ੍ਰਤੀ ਵਾਧੇ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਸਰਕਾਰ ਨੈਸ਼ਨਲ ਵੋਮੈਨ ਕਮਿਸ਼ਨ ਵੱਲੋਂ ਨੋਟਿਸ ਹੋਏ ਬੇਅੰਤ ਸਿੰਘ ਪਰਿਵਾਰ ਦੇ ਮੈਂਬਰ ਨੂੰ ਤਾਂ ਨੌਕਰੀ ਦੇਣ ‘ਚ ਪਹਿਲ ਕੀਤੀ ਗਈ ਪਰ ਉਹ ਇਹ ਦਸੇ ਕਿ ਪਿਛਲੇ 6 ਮਹੀਨਿਆਂ ਦੌਰਾਨ ਜਿਨ੍ਹਾਂ 200 ਕਿਸਾਨਾਂ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀਆਂ ਕੀਤੀਆਂ ਹਨ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਕਿਸ ਤਰੀਕ ਨੂੰ ਨੌਕਰੀਆਂ ਦੇ ਕੇ ਰਾਹਤ ਦੇ ਰਹੇ ਹੋ? ਸਰਕਾਰ ਇਹ ਵੀ ਦਸੇ ਕਿ ਹਕੀਕਤ ‘ਚ ਕਿਸਾਨਾਂ ਦਾ ਕੁਲ ਕਰਜ਼ਾ ਕਦੋਂ ਮੁਆਫ਼ ਹੋਵੇਗਾ।ਖੁਦਕੁਸ਼ੀ ਕਰ ਗਏ ਕਿਸਾਨ ਪਰਿਵਾਰਾਂ ਨੂੰ ਵਾਅਦੇ ਅਨੁਸਾਰ 10 – 10 ਲਖ ਮੁਆਵਜ਼ਾ ਕਦੋਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕਰਜ਼ਾ ਕੁਰਕੀ ਖਤਮ ਕਰਨ ਦਾ ਐਲਾਨ ਵੀ ਝੂਠਾ ਸਾਬਤ ਹੋਇਆ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬਹਿਲ ਅਤੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਭਿਟੇਵਟ ਦੀ ਮੌਜੂਦਗੀ ‘ਚ ਉਹਨਾਂ ਦੱਸਿਆ ਕਿ ਚਾਰ ਮਹੀਨੇ ਬੀਤ ਜਾਣ ‘ਤੇ ਵੀ ਕਿਸਾਨਾਂ ਨੂੰ ਕਣਕ ਦੀ 1000 ਕਰੋੜ ਦੀ ਬਕਾਇਆ ਅਦਾਇਗੀ ਨਹੀਂ ਕੀਤੀ ਗਈ, ਨਾ ਹੀ 800 ਕਰੋੜ ਆੜ੍ਹਤੀਆਂ ਦਾ ਅਤੇ ਨਾ ਹੀ ਲੇਬਰ ਅਤੇ ਟਰਾਂਸਪੋਰਟਿੰਗ ਦੀ ਅਦਾਇਗੀ ਕੀਤੀ ਗਈ ਹੈ। ਨਾ ਹੀ ਗੰਨੇ ਦਾ 100 ਕਰੋੜ ਰੁਪੈ ਬਕਾਇਆ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਚੋਣ ਮੈਨੀਫੈਸਟੋ ਬਣਾਉਣ ਵਾਲੇ ਮਨਪ੍ਰੀਤ ਬਾਦਲ ਨੇ ਧੋਖੇ ‘ਤੇ ਪਰਦਾ ਪਾਉਣ ਲਈ ਡਾ: ਮਨਮੋਹਨ ਸਿੰਘ ਤੋਂ ਮੈਨੀਫੈਸਟੋ ਜਾਰੀ ਕਰਵਾਇਆ ਅਤੇ ਘਰ ਘਰ ਕਰਜ਼ਾ ਮੁਆਫ਼ੀ ਦਾ ਫਾਰਮ ਭਰਵਾਇਆ।
ਉਨ੍ਹਾਂ ਪਿੰਡ ਉੱਠੀਆਂ ਅਤੇ ਜੋਸਮਾਰ ਦੇ ਉਹਨਾਂ ਕਿਸਾਨਾਂ ਜਿਨ੍ਹਾਂ ਦੀ ਅਪ੍ਰੈਲ ਮਹੀਨੇ ਦੌਰਾਨ 300 ਏਕੜ ਕਣਕ ਸੜ ਕੇ ਸਵਾਹ ਹੋ ਗਈ ਸੀ ਨੂੰ ਪੱਤਰਕਾਰਾਂ ਦੇ ਰੂਬਰੂ ਕਰਦਿਆਂ ਕਿਹਾ ਕਿ ਸਰਕਾਰ ਨੇ ਉਸ ਵਕਤ ਹਫ਼ਤੇ ‘ਚ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਪਰ ਅੱਜ ਪੰਜ ਮਹੀਨੇ ਬੀਤ ਜਾਣ ‘ਤੇ ਵੀ ਮੁਆਵਜ਼ੇ ਦਾ ਇੱਕ ਰੁਪੈ ਵੀ ਨਹੀਂ ਦਿੱਤਾ ਗਿਆ। ਸਗੋਂ 300 ਏਕੜ ਦੀ ਥਾਂ 165 ਏਕੜ ਸੜਨ ਦੀ ਗਲ ਕਰ ਕੇ ਸਰਕਾਰ ਧੋਖਾ ਕਰ ਰਹੀ ਹੈ। ਜਦ ਕਿ ਉਸ ਵਕਤ ਮੁੱਖ ਮੰਤਰੀ ਬਣਨ ਦਾ ਸੁਪਨਾ ਲੈਣ ਵਾਲੇ ਸਥਾਨਿਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਖੁਦ ਮੌਕੇ ‘ਤੇ ਜਾ ਕੇ ਸੜੀ ਕਣਕ ਦੇ ਖੇਤਾਂ ਦਾ ਮੁਆਇਨਾ ਕੀਤਾ ਅਤੇ ਤਸਦੀਕ ਕਰਦਿਆਂ ਅਤੇ ਫੁਕਰਪੁਣਾ ਦਿਖਾਉਂਦਿਆਂ ਸਰਕਾਰ ਦੀ ਤਰਫ਼ੋਂ ਦਿੱਤੇ ਜਾਣ ਵਾਲੇ ਮੁਆਵਜ਼ੇ ਜਿੰਨਾ ਮੁਆਵਜ਼ਾ ਆਪਣੀ ਜੇਬ ਵਿੱਚੋਂ ਦੇਣ ਦਾ ਵੀ ਉਹਨਾਂ ਐਲਾਨ ਕੀਤਾ ਸੀ।ਸ: ਮਜੀਠੀਆ ਨੇ ਸਿੱਧੂ ਵੱਲੋਂ ਕੀਤੀ ਗਈ ਵਾਅਦਾ ਖ਼ਿਲਾਫ਼ੀ ਲਈ ਉਸ ਨੂੰ ਕੋਸਦਿਆਂ ਕਿਹਾ ਕਿ ਉਹ ਸਿੱਧੂ ਤੋਂ ਕੀਤੇ ਐਲਾਨ ਮੁਤਾਬਿਕ ਮੁਆਵਜ਼ਾ 50 ਲਖ ਕਢਵਾ ਕੇ ਰਹਿਣਗੇ।ਸਿੱਧੂ ਨੂੰ ਨੱਚਣ ਦਾ ਸ਼ੌਕ ਸਟੇਜਾਂ ‘ਤੇ ਪੂਰਾ ਕਰ ਲੈਣ ਅਤੇ ਲੋਕ ਮੁੱਦਿਆਂ ਪ੍ਰਤੀ ਗੰਭੀਰਤਾ ਦਿਖਾਉਣ ਦੀ ਨਸੀਹਤ ਦਿੱਤੀ।ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਿੱਧੂ ਨੇ ਉਹਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ, ਵਾਰ ਵਾਰ ਫਰਿਆਦ ਕਰਨ ਦੇ ਬਾਵਜੂਦ ਸਿੱਧੂ ਉਹਨਾਂ ਨੂੰ ਬਾਂਹ ਨਹੀਂ ਫੜਾ ਰਿਹਾ। ਜਿਸ ਕਾਰਨ ਉਹ ਸ: ਮਜੀਠੀਆ ਨੂੰ ਆਪਣੇ ਦੁਖੜੇ ਸੁਣਾਉਣ ਆਏ ਹਨ।
ਸ: ਮਜੀਠੀਆ ਨੇ ਸਰਕਾਰ ‘ਤੇ ਧੋਖੇਬਾਜ਼ੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਲਈ ਨਵੇਂ ਕੁਨੈਕਸ਼ਨ ਲੈਣ ਪ੍ਰਤੀ ਬਿਲ ਲਾਗੂ ਕਰਨ ਦੀ ਸ਼ਰਤ ਲਾ ਦਿੱਤੀ ਹੈ। ਉਹਨਾਂ ਕਿਹਾ ਕਿ ਕੈਬਨਿਤ ਦੇ ਫੈਸਲੇ ਅੱਜ ਜੁਮਲੇਬਾਜੀ ਬਣ ਕੇ ਰਹਿ ਗਏ ਹਨ। ਉਹਨਾਂ ਕਿਹਾ ਕਿ ਜਿੱਥੇ ਤਨਖ਼ਾਹਾਂ ਨਹੀਂ ਦਿੱਤਿਆਂ ਜਾ ਰਹੀਆਂ ਹੋਣ ਉੱਥੇ ਵਿਕਾਸ ਅਤੇ ਲੋਕ ਭਲਾਈ ਸਕੀਮਾਂ ਕਿਵੇਂ ਲਾਗੂ ਕੀਤੀਆਂ ਜਾ ਸਕਣਗੀਆਂ? ਉਹਨਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਾਂਗਰਸੀ ਵਿਧਾਇਕ ਸਰਕਾਰ ਦੇ ਨਾਕਾਮ ਹੋਣ ‘ਤੇ ਬੌਖਲਾਹਟ ‘ਚ ਆ ਕੇ ਲੋਕਾਂ ਨਾਲ ਬਦਤਮੀਜ਼ੀ ਕਰਨ ‘ਤੇ ਤੁਲ ਗਏ ਹਨ। ਉਹਨਾਂ ਰਾਜ ਸਰਕਾਰ ‘ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ‘ਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਮੁੱਦਿਆਂ ਨੂੰ ਲੈ ਕੇ ਮੁਹਿੰਮ ਜਲਦ ਚਲਾਏਗਾ।