ਨਿਊਫਾਊਂਡਲੈਂਡ— ਕੈਨੇਡਾ ਦੇ ਸੂਬੇ ਨਿਊ ਫਾਊਂਡਲੈਂਡ ‘ਚ ਇਕ ਸੜਕ ਹਾਦਸਾ ਵਾਪਰ ਗਿਆ, ਜਿਸ ‘ਚ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਨੂੰ ਸ਼ਾਮ 5 ਵਜੇ ਵਾਪਰਿਆ। ਪੁਲਸ ਨੇ ਦੱਸਿਆ ਕਿ ਟਰਾਂਸ ਕੈਨੇਡਾ-ਹਾਈਵੇਅ ‘ਤੇ ਚੈਪਲ ਆਰਮ ਨੇੜੇ ਇਹ ਹਾਦਸਾ ਵਾਪਰਿਆ। ਇੱਥੇ ਦੋ ਗੱਡੀਆਂ ਦੀ ਜ਼ਬਰਦਸਤ ਟੱਕਰ ਹੋਈ, ਜਿਸ ‘ਚ 5 ਵਿਅਕਤੀ ਸਨ। ਇਕ ਪਰਿਵਾਰ ਦੇ 3 ਮੈਂਬਰ ਇਕ ਕਾਰ ‘ਚ ਸਨ। ਜਿਨ੍ਹਾਂ ‘ਚ 41 ਸਾਲਾ ਵਿਅਕਤੀ, 35 ਸਾਲਾ ਔਰਤ ਅਤੇ ਉਨ੍ਹਾਂ ਦਾ 8 ਸਾਲਾ ਇਕ ਬੱਚਾ ਸੀ, ਇਨ੍ਹਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਜਦ ਕਾਰ ‘ਚੋਂ ਲਾਸ਼ਾਂ ਕੱਢੀਆਂ ਗਈਆਂ ਤਾਂ ਉੱਥੇ ਮੌਜੂਦ ਹਰ ਵਿਅਕਤੀ ਭਾਵੁਕ ਹੋ ਗਿਆ ਅਤੇ ਮਾਹੌਲ ਗਮਗੀਨ ਹੋ ਗਿਆ। ਦੂਜੀ ਕਾਰ ‘ਚ 18 ਸਾਲਾ ਕੁੜੀ ਅਤੇ 16 ਸਾਲਾ ਮੁੰਡਾ ਸਵਾਰ ਸਨ ਅਤੇ ਕੁੜੀ ਦੀ ਮੌਤ ਹੋ ਗਈ। 16 ਸਾਲਾ ਮੁੰਡਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।