ਈਸੜੂ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਕਰਜ਼ਾ ਮੁਆਫੀ ਦੇ ਨਾਂ ਉੱਤੇ ਕਿਸਾਨਾਂ ਨੂੰ ਮੂਰਖ ਬਣਾਇਆ ਸੀ ਅਤੇ ਹੁਣ ਆਪਣਾ ਵਾਅਦਾ ਪੂਰਾ ਨਾ ਕਰਕੇ ਇਹ ਕਿਸਾਨਾਂ ਨਾਲ ਵਿਸਵਾਸ਼ਘਾਤ ਕਰ ਰਹੀ ਹੈ।
ਇੱਥੇ ਗੋਆ ਜੰਗ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹਾੜੇ ਨੂੰ ਲਈ ਮਨਾਉਣ ਲਈ ਹੋਏ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕੁੱਲ 90 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਬਦਲੇ ਮਹਿਜ਼ 1500 ਕਰੋੜ ਰੁਪਏ ਦਾ ਫਸਲੀ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਇਹ ਰਕਮ ਜਾਰੀ ਕਰਨ ਵਾਸਤੇ ਵੀ ਆਰਥਿਕ ਤੰਗੀ ਦੇ ਬਹਾਨੇ ਘੜਣ ਲੱਗ ਪਿਆ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਅਤੇ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਹ ਅਕਾਲੀ-ਭਾਜਪਾ ਸਰਕਾਰ ਦੌਰਾਨ 4 ਸਾਲ ਵਿੱਤ ਮੰਤਰੀ ਰਿਹਾ ਸੀ। ਉਹ ਸੂਬੇ ਦੀ ਆਰਥਿਕ ਹਾਲਤ ਬਾਰੇ ਚੰਗੀ ਤਰ•ਾਂ ਜਾਣਦਾ ਸੀ। ਉਹ ਕਾਂਗਰਸ ਚੋਣ ਮੈਨੀਫੈਸਟੋ ਕਮੇਟੀ ਦਾ ਵੀ ਮੁਖੀ ਸੀ, ਜਿਸ ਨੇ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ। ਹੁਣ ਉਹ ਆਪਣੇ ਵਾਅਦੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਉਸ ਦੀ ਕਿਸਾਨਾ ਦਾ ਕਰਜ਼ਾ ਮੁਆਫ ਕਰਨ ਦੀ ਸ਼ੁਰੂ ਤੋਂ ਹੀ ਨੀਅਤ ਨਹੀਂ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਘਰ ਘਰ ਨੌਕਰੀ ਦੇ ਵਾਅਦੇ ਰਾਂਹੀ ਨੌਜਵਾਨਾਂ ਨਾਲ ਵੀ ਵਿਸਵਾਸ਼ਘਾਤ ਕੀਤਾ ਹੈ ਜਦਕਿ ਇਸ ਸਕੀਮ ਤਹਿਤ ਅਜੇ ਤੀਕ ਸਿਰਫ ਇੱਕ ਨੌਕਰੀ ਦਿੱਤੀ ਗਈ ਹੈ , ਜਿਹੜੀ ਕਿ ਸਾਬਕਾ ਮੁੱਖ ਮੰਤਰੀ ਦੇ ਪੋਤੇ ਨੂੰ ਦਿੱਤੀ ਹੈ।ਉਹਨਾਂ ਕਿਹਾ ਕਿ ਹੁਣ ਕਾਗਰਸ ਸਰਕਾਰ ਕਾਲਜਾਂ ਦੀ ਸਾਲਾਨਾ ਭਰਤੀ ਨੂੰ ਘਰ ਘਰ ਨੌਕਰੀ ਯੋਜਨਾ ਅਧੀਨ ਲਿਆ ਕੇ ਨੌਜਵਾਨਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਵੱਡਾ ਧੋਖਾ ਹੋਰ ਕੀ ਹੋ ਸਕਦਾ ਹੈ?
ਸਰਦਾਰ ਬਾਦਲ ਨੇ ਕਿਹਾ ਕਿ ਹਾਲਾਤ ਇੰਨੇ ਮਾੜੇ ਹਨ ਕਿ ਵਾਅਦੇ ਪੂਰੇ ਕਰਨਾ ਤਾਂ ਦੂਰ ਦੀ ਗੱਲ, ਸਰਕਾਰ ਲੋਕਾਂ ਨੂੰ ਪ੍ਰਸਾਸ਼ਨ ਦੇਣ ਵਿਚ ਵੀ ਨਾਕਾਮ ਸਾਬਿਤ ਹੋ ਰਹੀ ਹੈ। ਕਾਂਗਰਸੀਆਂ ਨੇ ਪੂਰੇ ਸੂਬੇ ਅੰਦਰ ਦਹਿਸ਼ਤ ਮਚਾ ਰੱਖੀ ਹੈ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ,ਉਹ ਚਾਹੇ ਔਰਤਾਂ, ਦਲਿਤ ਜਾਂ ਬੱਚੇ ਹੋਣ। ਹਾਲ ਹੀ ਵਿਚ ਇੱਕ ਕਾਗਰਸੀ ਵਿਧਾਇਕ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਇਕ ਫੌਜੀ ਜਵਾਨ ਦੀ ਜ਼ਮੀਨ ਉੱਤੇ ਕਿਸੇ ਦਾ ਕਬਜ਼ਾ ਕਰਵਾ ਦਿੱਤਾ। ਉਹਨਾਂ ਕਿਹਾ ਕਿ ਇਸੇ ਤਰ•ਾਂ ਅਕਾਲੀ ਵਰਕਰਾਂ ਖ਼ਿਲਾਫ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਇਹ ਕਹਿੰਦਿਆਂ ਕਿ ਅਕਾਲੀ ਦਲ ਇਹਨਾਂ ਧੱਕੇਸ਼ਾਹੀਆਂ ਚੁੱਪ ਚਾਪ ਬਰਦਾਸ਼ਤ ਨਹੀਂ ਕਰੇਗਾ, ਉਹ ਪਾਰਟੀ ਵਰਕਰਾਂ ਨੂੰ ਉਹਨਾਂ ਖਿਲਾਫ ਹੁੰਦੀ ਕਿਸੇ ਵੀ ਧੱਕੇਸ਼ਾਹੀ ਖ਼ਿਲਾਫ ਇੱਕਜੁੱਟ ਹੋ ਕੇ ਅੰਦੋਲਨ ਕਰਨ ਲਈ ਆਖਿਆ।
ਇਸ ਮੌਕੇ ਪਾਰਟੀ ਸਾਂਸਦ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਨਵੀਂ ਸਰਕਾਰ ਵੱਲੋਂ ਕਿਸਾਨਾਂ ਨੂੰ ਸਰਕਾਰ ਉੱਤੇ ਭਰੋਸਾ ਕਰਨ ਦਾ ਜੁਰਮਾਨਾ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਤੋਂ ਇਸ ਕਰਕੇ ਭਾਰੀ ਜੁਰਮਾਨਾ ਵਸੂਲਿਆ ਜਾ ਰਿਹਾ ਹੈ, ਕਿਉਂਕਿ ਉਹਨਾਂ ਨੇ ਅਜਿਹੀਆਂ ਘੋਸ਼ਣਾਵਾਂ ਉੱਤੇ ਭਰੋਸਾ ਕਰ ਲਿਆ ਸੀ ਕਿ ਉਹ ਦੇ ਕਰਜ਼ੇ ਮੁਆਫ ਕੀਤੇ ਜਾ ਚੁੱਕੇ ਹਨ। ਉਹਨਾਂ ਪੁੱਛਿਆ ਕਿ ਸੂਬੇ ਅੰਦਰ ਖੁਦਕੁਸ਼ੀ ਨਾਲ 200 ਕਿਸਾਨਾਂ ਦੀ ਮੌਤ ਹੋ ਜਾਣ ਦੇ ਬਾਵਜੂਦ ਕਾਂਗਰਸ ਦੇ ਉਪ ਪ੍ਰਧਾਨ ਨੇ ਪੰਜਾਬ ਵਿਚ ਚੱਕਰ ਕਿਉਂ ਨਹੀਂ ਮਾਰਿਆ? ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦੋ ਕਿਸਾਨਾਂ ਦੀ ਮੌਤ ਉੱਤੇ ਦੁੱਖ ਵੰਡਾਉਣ ਲਈ ਪੰਜਾਬ ਆ ਗਿਆ ਸੀ, ਪਰ ਹੁਣ ਜਦੋਂ 200 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਤਾਂ ਉਹ ਖਾਮੋਸ਼ੀ ਕਿਉਂ ਧਾਰੀ ਬੈਠਾ ਹੈ।
ਇਸ ਮੌਕੇ ਡਾਕਟਰ ਦਲਜੀਤ ਸਿੰਘ ਚੀਮਾ, ਰਣਜੀਤ ਸਿੰਘ ਤਲਵੰਡੀ, ਸ਼ਰਨਜੀਤ ਸਿੰਘ ਢਿੱਲੋਂ, ਈਸ਼ਰ ਸਿੰਘ ਮੇਹਰਬਾਨ, ਗੁਰਪ੍ਰੀਤ ਸਿੰਘ ਰਾਜੂਖੰਨਾ, ਸੰਤਾ ਸਿੰਘ ਉਮੈਦਪੁਰ ਅਤੇ ਜਗਜੀਵਨ ਸਿੰਘ ਖੀਰਨੀਆਂ ਨੇ ਵੀ ਸੰਬੋਧਨ ਕੀਤਾ।