ਮਜੀਠਾ (ਅੰਮ੍ਰਿਤਸਰ), ਮਾਝੇ ਦੇ ਕਾਂਗਰਸੀ ਆਗੂਆਂ ਨੇ ਅੱਜ ਇੱਥੇ ਮਜੀਠਾ ਕਸਬੇ ਵਿੱਚੋਂ ਅਕਾਲੀ ਵਿਧਾਇਕ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਸਿਆਸੀ ਜੰਗ ਦਾ ਐਲਾਨ ਕਰ ਦਿੱਤਾ ਪਰ ਇਸ ਐਲਾਨ ਮੌਕੇ ਸਿਰਫ਼ ਚਾਰ ਕਾਂਗਰਸੀ ਵਿਧਾਇਕ ਪੁੱਜੇ। ਬਿਕਰਮ ਮਜੀਠੀਆ ਖ਼ਿਲਾਫ਼ ਚੋਣ ਲੜਨ ਵਾਲੇ ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੇ ਮਜੀਠਾ ਸਥਿਤ ਘਰ ਵਿੱਚ ਸੱਦੀ ਵਰਕਰ ਰੈਲੀ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਸ਼ਿਆਂ ਦੇ ਕਾਰੋਬਾਰ ਦੇ ਦੋਸ਼ ਹੇਠ ਸ੍ਰੀ ਮਜੀਠੀਆ ਖ਼ਿਲਾਫ਼ ਕਾਰਵਾਈ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਅਕਾਲੀ-ਭਾਜਪਾ ਗਠਜੋੜ ਦੇ ਰਾਜ ਦੌਰਾਨ ਪੰਜਾਬ ਦੀ ਹੋਈ ਦੁਰਦਸ਼ਾ ਬਾਰੇ ਸ੍ਰੀ ਸਿੱਧੂ ਨੇ ਸ਼੍ਰੋਮਣੀ   ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੀ ਥਾਂ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਆਖਿਆ ਕਿ ਜੇ ਉਹ ਬਹਿਸ ਵਿੱਚ ਹਾਰ ਗਏ ਤਾਂ ਰਾਜਨੀਤੀ ਛੱਡ ਦੇਣਗੇ। ਪੀਟੀਸੀ ਚੈਨਲ ਦਾ ਬਾਈਕਾਟ ਕਰਨ ਦਾ ਐਲਾਨ ਕਰਦਿਆਂ ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਦਾ ਹੱਕ ਸਾਰੇ ਚੈਨਲਾਂ ਨੂੰ ਮਿਲਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ‘ਮਾਝੇ ਦਾ ਜਰਨੈਲ’ ਵੀ ਐਲਾਨਿਆ।
ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ (ਸੁੱਖੀ ਰੰਧਾਵਾ) ਨੇ ਵੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੂੰ ਆਹਮੋ ਸਾਹਮਣੇ ਚੋਣ ਲੜਨ ਦੀ ਚੁਣੌਤੀ ਦਿੱਤੀ। ਉਨ੍ਹਾਂ ਪੇਸ਼ਕਸ਼ ਕੀਤੀ ਕਿ ਉਹ ਆਪਣੇ ਵਿਧਾਨ ਸਭਾ ਹਲਕੇ ਤੋਂ ਅਸਤੀਫ਼ਾ ਦੇਣ ਨੂੰ ਤਿਆਰ ਹਨ ਅਤੇ ਮਜੀਠੀਆ ਇਸ ਹਲਕੇ ਵਿੱਚ ਆ ਕੇ ਉਨ੍ਹਾਂ ਖ਼ਿਲਾਫ਼ ਚੋਣ ਲੜ ਕੇ ਵਿਖਾਵੇ। ਉਨ੍ਹਾਂ ਆਖਿਆ ਕਿ ਜੇ ਸ੍ਰੀ ਮਜੀਠੀਆ ਨੂੰ ਹੋਰ ਹਲਕੇ ਵਿੱਚ ਜਾ ਕੇ ਚੋਣ ਲੜਨ ਤੋਂ ਹਾਰਨ ਦਾ ਡਰ ਹੈ ਤਾਂ ਫਿਰ ਉਹ ਮਜੀਠਾ ਹਲਕੇ ਤੋਂ ਅਸਤੀਫ਼ਾ ਦੇਵੇ ਅਤੇ ਉਹ ਉਥੋਂ ਚੋਣ ਲੜਨਗੇ।
ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਜਿੱਤ ਦੇ ਧੰਨਵਾਦੀ ਸਮਾਗਮ ਦੇ ਨਾਂ ਹੇਠ ਹੋਈ ਇਸ ਵਰਕਰ ਰੈਲੀ ਨੂੰ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ, ਅਜਨਾਲਾ ਤੋਂ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਸਮੇਤ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਨੇ ਸੰਬੋਧਨ ਕੀਤਾ। ਸਮਾਗਮ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਨੌਜਵਾਨ ਆਗੂ ਦਿਨੇਸ਼ ਬੱਸੀ ਤੇ ਹੋਰ ਸ਼ਾਮਲ ਸਨ। ਇਸ ਪ੍ਰੋਗਰਾਮ ਲਈ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਕਾਂਗਰਸੀ ਵਿਧਾਇਕਾਂ ਤੇ ਹੋਰ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਦੋ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚੋਂ ਦੋ ਕਾਂਗਰਸੀ ਵਿਧਾਇਕ ਸ਼ਾਮਲ ਹੋਏ।
ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ ’ਤੇ ਬਿਕਰਮ ਮਜੀਠੀਆ ਖ਼ਿਲਾਫ਼ ਸਿਆਸੀ ਜੰਗ ਦੇ ਹੱਕ ਵਿੱਚ ਨਹੀਂ ਹਨ। ਇਸ ਦੇ ਮੱਦੇਨਜ਼ਰ ਕਾਂਗਰਸੀ ਵਿਧਾਇਕਾਂ ਨੂੰ ਪਾਰਟੀ ਵੱਲੋਂ ਅੱਜ ਦੇ ਸਮਾਗਮ ਵਿੱਚ ਸ਼ਾਮਲ ਨਾ ਹੋਣ ਦਾ ਸੰਕੇਤ ਦਿੱਤਾ ਗਿਆ ਸੀ। ਜਦੋਂ ਇਸ ਬਾਰੇ ਨਵਜੋਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਸ੍ਰੀ ਮਜੀਠੀਆ ਖ਼ਿਲਾਫ਼ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਿਧਾਇਕ ਨਾਲ ਹਨ। ਇਸ ਜੰਗ ਦੀ ਅਗਲੀ ਰਣਨੀਤੀ ਸਬੰਧੀ ਉਨ੍ਹਾਂ ਆਖਿਆ ਕਿ ਅਗਲੀ ਕਾਰਵਾਈ ਸ੍ਰੀ ਸੁੱਖੀ ਰੰਧਾਵਾ ਤੈਅ ਕਰਨਗੇ। ਇਸ ਮੁਹਿੰਮ ਨੂੰ ਮਜੀਠਾ ਤੋਂ ਸ਼ੁਰੂ ਕਰਨ ਸਬੰਧੀ ਉਨ੍ਹਾਂ ਆਖਿਆ ਕਿ ਇਥੋਂ ਜੁਰਮ ਦੀ ਜੜ੍ਹ ਪੁੱਟੀ ਜਾਵੇਗੀ।