ਨੂਰਪੁਰ ਬੇਦੀ, ਕਾਂਗਰਸ ਪਾਰਟੀ ਵੱਲੋਂ ਜੋ ਰੁਜ਼ਗਾਰ ਮੇਲੇ ਲਗਾ ਕੇ ਰੁਜ਼ਗਾਰ ਦੇਣ ਦਾ ਡਰਾਮਾ ਕੀਤਾ ਜਾ ਰਿਹਾ ਹੈ, ਉਹ ਸਿਰਫ਼ ਇੱਕ ਦਿਖਾਵਾ ਹੈ ਤੇ ਕਾਂਗਰਸ ਨੌਜਵਾਨਾਂ ਨਾਲ ਧੋਖਾ ਕਰ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਅਕਾਲੀ-ਭਜਾਪਾ ਸਰਕਾਰ ਵੱਲੋਂ ਵੀ ਵੱਖ-ਵੱਖ ਕਾਲਜਾਂ ਤੇ ਯੂਨਵਰਸਿਟੀਆਂ ’ਚ ਮਲਟੀਨੈਸ਼ਨਲ ਕੰਪਨੀਆਂ ਰਾਹੀਂ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਸਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਜਾਰਾ ਨੇ ਖੇਤਰ ਦੇ ਪਿੰਡ ਟਿੱਬਾ ਨੰਗਲ ਵਿੱਚ ਮਰਹੂਮ ਨੌਜਵਾਨ ਲੱਕੀ ਚੇਚੀ ਦੀ ਯਾਦ ’ਚ ਬਣਾਏ ਜਾ ਰਹੇ ਯਾਦਗਾਰੀ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਇਸ ਦੌਰਾਨ ਜੰਗਲੀ ਜਾਨਵਰਾਂ ਵੱਲੋਂ ਨੀਮ ਪਹਾੜੀ ਇਲਾਕਿਆਂ ਦੀਆਂ ਫ਼ਸਲਾਂ ਦੇ ਉਜਾੜੇ ਦੇ ਹੱਲ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਸਬੰਧੀ ਲੋਕ ਸਭਾ ’ਚ ਇਹ ਮੁੱਦਾ ਚੁੱਕਿਆ ਸੀ। ਅਕਾਲੀ-ਭਜਾਪਾ ਸਰਕਾਰ ਨੇ ਇਸ ਸਮੱਸਿਆ ਦੇ ਹੱਲ ਲਈ 20 ਕਰੋੜ ਦਾ ਪੈਕੇਜ ਤਿਆਰ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਦੁਬਾਰਾ ਕੇਂਦਰ ਸਰਕਾਰ ਕੋਲ ਇਸ ਸਮੱਸਿਆ ਦੇ ਹੱਲ ਲਈ ਅਪੀਲ ਕਰਨਗੇ ਤੇ ਇਸ ਦੇ ਹੱਲ ਲਈ ਯਤਨ ਕਰਨਗੇ। ਉਨ੍ਹਾਂ ਗ੍ਰਾਮ ਪੰਚਾਇਤ ਟਿੱਬਾ ਨੰਗਲ ਨੂੰ ਆਪਣੇ ਅਖ਼ਤਿਆਰੀ ਕੋਟੇ ’ਚੋਂ 3 ਲੱਖ ਦਾ ਚੈੱਕ ਵੀ ਪ੍ਰਦਾਨ ਕੀਤਾ।
ਇਸ ਮੌਕੇ ਸੀਤਾ ਰਾਮ ਤੇ ਸਰਪੰਚ ਸੁਰਿੰਦਰਪਾਲ, ਅਕਾਲੀ ਆਗੂ ਭੁਪਿੰਦਰ ਸਿੰਘ ਬਜਰੂੜ, ਅਮਨਦੀਪ ਅਬਿਆਣਾ, ਹਰਦੇਵ ਸਿੰਘ ਹਰਪਾਲਪੁਰ, ਡਾਇਰੈਕਟਰ ਹਰਕੇਤ ਸਿੰਘ ਕੋਲਾਪੁਰ, ਭਜਨ ਲਾਲਾ ਕਾਂਗੜ, ਵਰਿੰਦਰ ਸਿੰਘ ਭੂੰਬਲਾ, ਪ੍ਰੇਮਚੰਦ ਚੋਪੜਾ, ਜਸਵੀਰ ਸਿੰਘ, ਧਰਮਪਾਲ, ਸਰਪੰਚ ਗੋਪਾਲ ਚੰਦ ਬਾਲੇਵਾਲ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।