ਗੁਰਦਾਸਪੁਰ – ”ਪੰਜਾਬ ਦੇ ਭੋਲੇ-ਭਾਲੇ ਲੋਕ ਕਾਂਗਰਸ ਵੱਲੋਂ ਕੀਤੇ ਗੁੰਮਰਾਹਕੁਨ ਪ੍ਰਚਾਰ ਦੇ ਝਾਂਸੇ ‘ਚ ਫਸ ਗਏ ਸਨ ਅਤੇ ਉਹ ਭੁਲੇਖੇ ਨਾਲ ਕਾਂਗਰਸ ਨੂੰ ਪੰਜਾਬ ਦੀ ਸੱਤਾ ਸੌਂਪ ਬੈਠੇ ਅਤੇ ਅੱਜ ਸਿਰਫ 6 ਮਹੀਨਿਆਂ ‘ਚ ਹੀ ਆਪਣੇ ਫੈਸਲੇ ‘ਤੇ ਪਛਤਾ ਰਹੇ ਹਨ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਗੁਰਦਾਸਪੁਰ ਤੋਂ ਅਕਾਲੀ-ਭਾਜਪਾ ਗੱਠਜੋੜ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ ‘ਚ ਵੱਖ-ਵੱਖ ਪਿੰਡਾਂ ਅੰਦਰ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਝੂਠੇ ਵਾਅਦਿਆਂ ਸਹਾਰੇ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਸਰਕਾਰ ਨੂੰ ਜਵਾਬ ਦੇਣ ਦਾ ਇਹ ਇਹ ਜ਼ਿਮਨੀ ਚੋਣ ਢੁਕਵਾਂ ਸਮਾਂ ਹੈ। 
ਮੰਗਲਵਾਰ ਹਲਕੇ ਦੇ ਪਿੰਡ ਭੁੱਬਲੀ, ਤਿੱਬੜ, ਗਹੌਤ ਪੋਖਰ, ਜੌੜਾ ਛੱਤਰਾਂ, ਤੁੰਗ ਅਤੇ ਸਥਾਨਕ ਹਨੂਮਾਨ ਚੌਕ ‘ਚ ਰੱਖੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਲੋਕਾਂ ਨੂੰ ਅਕਾਲੀ-ਭਾਜਪਾ ਗੱਠਜੋੜ ਨਾਲੋਂ ਵੱਧ ਸਹੂਲਤਾਂ ਦੇਣ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਰਗੇ ਝੂਠੇ ਲਾਰੇ ਲਾਉਣ ਵਾਲੀ ਮੌਜੂਦਾ ਕਾਂਗਰਸ ਸਰਕਾਰ ਨੇ ਆਪਣੀ ਅਸਲੀਅਤ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਦਿਖਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਹਾਲਾਤ ‘ਚ ਕਿਸੇ ਵੀ ਸੱਤਾ ਧਿਰ ਖਿਲਾਫ਼ ਤੀਜੇ ਜਾਂ ਚੌਥੇ ਸਾਲ ‘ਚ ਜਾ ਕੇ ਵਿਰੋਧ ਦੀ ਲਹਿਰ ਪੈਦਾ ਹੁੰਦੀ ਹੈ ਪਰ ਇਹ ਪਹਿਲੀ ਸਰਕਾਰ ਹੈ ਜਿਸ ਨੇ ਆਪਣਾ ਭਰੋਸਾ ਸੱਤਾ ਸੰਭਾਲਣ ਦੇ 6 ਮਹੀਨਿਆਂ ਬਾਅਦ ਹੀ ਗੁਆ ਲਿਆ ਹੈ।
ਉਨ੍ਹਾਂ ਸੂਬੇ ਦੇ ਸਥਾਨਕ ਸਰਕਾਰਾਂ ਮੰਤਰੀ ਦੀਆਂ ਗਤੀਵਿਧੀਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਜਿੱਥੇ ਕੈਪਟਨ ਸਰਕਾਰ ਨੇ 6 ਮਹੀਨਿਆਂ ‘ਚ ਭਰੋਸਾ ਗੁਆਉਣ ਦਾ ਰਿਕਾਰਡ ਬਣਾਇਆ ਹੈ, ਉੱਥੇ ਹੀ ਇਸ ਦੇ ਮੰਤਰੀ ਆਪਣੇ ਹੀ ਮੁੱਖ ਮੰਤਰੀ ਨੂੰ ਨਲਾਇਕ ਆਖ ਕੇ ਉਸ ਦੀ ਕਾਰਗੁਜ਼ਾਰੀ ‘ਤੇ ਉਂਗਲੀ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਅਤੇ ਦਰਵੇਸ਼ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਹਮੇਸ਼ਾ ਇਹ ਸਿੱਖਿਆ ਦਿੱਤੀ ਹੈ ਕਿ ਬਦਲੇ ਦੀ ਰਾਜਨੀਤੀ ਛੱਡ ਕੇ ਲੋਕਾਂ ਦੀ ਬਿਹਤਰੀ ਵਾਲੀ ਰਾਜਨੀਤੀ ਕੀਤੀ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਵ. ਸੰਸਦ ਮੈਂਬਰ ਵਿਨੋਦ ਖੰਨਾ ਦੇ ਅਧੂਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਤੇ ਮੋਦੀ ਸਰਕਾਰ ਤੋਂ ਹਲਕੇ ਦੇ ਵਿਕਾਸ ਲਈ ਜ਼ਿਆਦਾ ਗ੍ਰਾਂਟਾਂ ਲਿਆਉਣ ਲਈ ਸਵਰਨ ਸਲਾਰੀਆ ਨੂੰ ਵੱਡੀ ਜਿੱਤ ਦਿਵਾਉਣ। ਉਨ੍ਹਾਂ ਦੀ ਜਿੱਤ ਕਾਂਗਰਸ ਸਰਕਾਰ ਵਿਰੁੱਧ ਵੱਡਾ ਫਤਵਾ ਹੋਵੇਗਾ।
ਸਾਬਕਾ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਆਪਣੇ ਸੰਬੋਧਨ ਵਿਚ ਲੋਕਾਂ  ਨੂੰ ਅਪੀਲ ਕੀਤੀ ਕਿ ਝੂਠੇ ਵਾਅਦਿਆਂ ਸਹਾਰੇ ਜਿੱਤ ਹਾਸਲ ਕਰਨ ਵਾਲੇ ਕਾਂਗਰਸੀਆਂ ਨੂੰ ਮੂੰਹ-ਤੋੜ ਜਵਾਬ ਦੇਣ ਲਈ ਕਮਲ ਦਾ ਬਟਨ ਦਬਾਓ ਤੇ ਸਵਰਨ ਸਿੰਘ ਸਲਾਰੀਆ ਦੀ ਜਿੱਤ ਨੂੰ ਯਕੀਨੀ ਬਣਾਓ। ਬੱਬੇਹਾਲੀ ਨੇ ਦਾਅਵਾ ਕੀਤਾ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਵਿਕਾਸ ਕਾਰਜਾਂ ਦੇ ਮਾਮਲੇ ਵਿਚ ਹਲਕੇ ਦੇ ਕਿਸੇ ਵੀ ਵਰਗ ਜਾਂ ਇਲਾਕੇ ਨਾਲ ਭੇਦਭਾਵ ਨਹੀਂ ਕੀਤਾ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਗੱਠਜੋੜ ਉਮੀਦਵਾਰ ਸਵਰਨ ਸਲਾਰੀਆ ਨੇ ਕਿਹਾ ਕਿ ਹਲਕੇ ਦੀਆਂ ਸਮੱਸਿਆਵਾਂ ਨੂੰ ਜਿਸ ਵਧੀਆ ਢੰਗ ਨਾਲ ਇਥੋਂ ਦਾ ਜੰਮਿਆ-ਪਲਿਆ ਵਿਅਕਤੀ ਸਮਝ ਸਕਦਾ ਹੈ, ਉਸ ਤਰ੍ਹਾਂ ਸੈਂਕੜੇ ਕਿਲੋਮੀਟਰ ਦੂਰੋਂ ਆਇਆ ਅਤੇ ਆਪਣੇ ਹਲਕੇ ਦੇ ਲੋਕਾਂ ਵੱਲੋਂ ਨਕਾਰਿਆ ਜਾਖੜ ਕਦੀ ਵੀ ਨਹੀਂ ਸਮਝ ਸਕਦਾ। ਉਨ੍ਹਾਂ ਹਾਜ਼ਰੀਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰੇਕ ਵਿਅਕਤੀ ਦੀਆਂ ਉਮੀਦਾਂ ‘ਤੇ ਖਰਾ ਉਤਰਨਗੇ।