ਬਰਤਾਨੀਆ ਦੇ 6 ਫੁੱਟ 6 ਇੰਚ ਕੱਦ-ਕਾਠ ਵਾਲੇ ਹੈਵੀਵੇਟ ਮੁੱਕੇਬਾਜ਼ ਐਂਥਨੀ ਜੋਸ਼ੂਆ ਦਾ ਖੇਡ ਕਰੀਅਰ ਬਹੁਤ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ। ਓਲੰਪੀਅਨ ਮੁੱਕੇਬਾਜ਼ ਐਂਥਨੀ ਜੋਸ਼ੂਆ ਦਾ ਜਨਮ ਨਾਇਜੀਰੀਅਨ ਮੂਲ ਦੀ ਮਾਂ ਯੇਟਾ ਓਡੂਸਾਨੀਆ ਦੀ ਕੁੱਖੋਂ ਅਕਤੂਬਰ 15, 1989 ਵਿੱਚ ਇੰਗਲੈਂਡ ਦੇ ਸਿਟੀ ਹਰਟਫੋਰਡਸ਼ਾਇਰ ਵਿੱਚ ਹੋਇਆ। ਉਸ ਦਾ ਪਿਤਾ ਰਾਬਰਟ ਬਰਤਾਨੀਆ ਦਾ ਮੂਲ ਨਿਵਾਸੀ ਹੈ। ਜੋਸ਼ੂਆ ਦਾ ਪੂਰਾ ਨਾਂ ਐਥਨੀ ਓਲੂਵਾਫੇਮੀ ਓਲਾਸੇਨੀ ਜੋਸ਼ੂਆ ਹੈ। ਜੋਸ਼ੂਆ ਦਾ ਮੁੱਢਲਾ ਜੀਵਨ ਨਾਇਜੀਰੀਆ ਵਿੱਚ ਗੁਜ਼ਰਿਆ। ਫੁਟਬਾਲ ਖੇਡ ਉੱਤੇ ਚੰਗੀ ਪਕੜ ਰੱਖਣ ਕਰਕੇ ਸਕੂਲੀ ਟੀਚਰ ਅਤੇ ਕਲਾਸਮੇਟ ਜੋਸ਼ੂਆ ਨੂੰ ਨਿੱਕ ਨਾਮ ‘ਫੇਮੀ’ ਨਾਲ ਸੱਦਿਆ ਕਰਦੇ ਸਨ। ਸਕੂਲ ਵਿੱਚ ਫੁਟਬਾਲ ਖੇਡਣ ਤੋਂ ਇਲਾਵਾ ਜੋਸ਼ੂਆ ਰੇਸਰ ਵੀ ਸੀ, ਜਿਸ ਨੇ ਸਕੂਲ ਵਿੱਚ ਨੌਂ ਸਾਲ ਉਮਰ ਵਰਗ ’ਚ 100 ਮੀਟਰ ਦੌੜ ’ਚ 11.6 ਸੈਕਿੰਡ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ। ਪਰਿਵਾਰਕ ਗੁਰਬਤ ਕਾਰਨ ਜੋਸ਼ੂਆ ਨੂੰ ਪੜ੍ਹਾਈ ਦੇ ਨਾਲ-ਨਾਲ ਮਜ਼ਦੂਰੀ ਵਜੋਂ ਮਕਾਨ ਬਣਾਉਣ ਲਈ ਮਿਸਤਰੀਪੁਣਾ ਵੀ ਕਰਨਾ ਪਿਆ ਪਰ ਗਰੀਬੀ ਤੋਂ ਛੁਟਕਾਰਾ ਨਾ ਮਿਲਣ ਕਾਰਨ ਜੋਸ਼ੂਆ ਨੇ ਆਰਥਿਕ ਤੰਗੀ ਦੂਰ ਕਰਨ ਲਈ ਡਰੱਗ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ। ਲੰਡਨ ਓਲੰਪਿਕ ਤੋਂ ਕਰੀਬ ਇੱਕ ਸਾਲ ਪਹਿਲਾਂ ਮਾਰਚ-2011 ਵਿੱਚ ਜੋਸੂਆ ਨੂੰ ਨੌਰਥ ਲੰਡਨ ਪੁਲੀਸ ਵੱਲੋਂ ਬੀ ਕਲਾਸ ਡਰੱਗ ਦੀ ਸਪਲਾਈ ਕਰਨ ਸਦਕਾ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਸ ਦੀ ਮਰਸਡੀਜ਼ ਬੈਜ਼ ’ਚ ਰੱਖੇ ਸਪੋਰਟਸ ਬੈਗ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਯੂਕੇ ਦੇ ਕਾਨੂਨੀ ਪੱਖ ਤੋਂ ਡਰੱਗਸ ਸਪਲਾਈ ਦੇ ਦੋਸ਼ ’ਚ ਉਸਨੂੰ ਨੂੰ ਘੱਟੋ-ਘੱਟ 14 ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਸੀ ਪਰ ਪੁਲੀਸ ਨੂੰ ਪੜਤਾਲ ਕਰਨ ਤੋਂ ਜਦੋਂ ਪਤਾ ਲੱਗਿਆ ਕਿ ਜੋਸ਼ੂਆ ਵਿਸ਼ਵ ਪੱਧਰ ਦਾ ਮੁੱਕੇਬਾਜ਼ ਹੈ ਤਾਂ ਖੇਡ ਕਰੀਅਰ ਨੂੰ ਵੇਖਦਿਆਂ ਨੌਰਥ ਲੰਡਨ ਪੁਲੀਸ ਵੱਲੋਂ ਜੋਸ਼ੂਆ ਨਾਲ ਨਰਮੀ ਵਰਤੀ ਗਈ। ਕਰਾਊਨ ਕੋਰਟ ਵੱਲੋਂ ਮੁੱਕੇਬਾਜ਼ ਜੋਸ਼ੂਆ ਨੇ ਇਸ ਮਾਮਲੇ ’ਚ ਇੱਕ ਸਾਲ ਸਮਾਜ ਸੇਵਾ ਕਰਨ ਤੋਂ ਇਲਾਵਾ ਬਿਨਾਂ ਤਨਖਾਹ ਤੋਂ 100 ਘੰਟੇ ਕੰਮ ਕਰਨ ਦੀ ਮਾਮੂਲੀ ਸਜ਼ਾ ਦਿੱਤੀ ਗਈ। ਜੋਸ਼ੂਆ ਨੇ ਪੁਲੀਸ ਦੇ ਆਲਾ ਅਧਿਕਾਰੀ ਸਾਹਮਣੇ ਵਾਅਦਾ ਕੀਤਾ ਸੀ ਕਿ ਅਗਾਂਹ ਤੋਂ ਉਹ ਚੰਗਾ ਇਨਸਾਨ ਬਣ ਕੇ ਆਪਣਾ ਸਾਰਾ ਧਿਆਨ ਖੇਡਾਂ ਉੱਤੇ ਕੇਂਦਰਿਤ ਕਰੇਗਾ। ਸੰਸਾਰ ਮੁੱਕੇਬਾਜ਼ੀ ਦੇ ਹਲਕਿਆਂ ਵਿੱਚ ਏਜੇ ਦੇ ਨਿੱਕ ਨਾਮ ਨਾਲ ਪ੍ਰਸਿੱਧ ਜੋਸ਼ੂਆ ਨੇ ਓਲੰਪਿਕ ਤੇ ਵਿਸ਼ਵ ਚੈਂਪੀਅਨ ਬਣ ਕੇ ਲੰਡਨ ਪੁਲੀਸ ਨਾਲ ਕੀਤਾ ਵਾਅਦਾ ਤੋੜ ਨਿਭਾਉਣ ’ਚ ਕੋਈ ਕਸਰ ਨਹੀਂ ਰਹਿਣ ਦਿੱਤੀ।
ਜੋਸ਼ੂਆ ਨੂੰ ਥੋੜ੍ਹਚਿਰੀ ਮੁਅੱਤਲੀ ਤੋਂ ਬਾਅਦ ਕੌਮੀ ਟੀਮ ਨਾਲ ਲੰਡਨ-2012 ਓਲੰਪਿਕ ਖੇਡਣ ਲਈ ਟਰਾਈਲਾਂ ਵਿੱਚ ਸ਼ਾਮਲ ਕੀਤਾ ਗਿਆ। ਲਗਨ ਨਾਲ ਕੀਤੀ ਮਿਹਨਤ ਉਦੋਂ ਰੰਗ ਲਿਆਈ ਜਦੋਂ ਉਸ ਨੇ ਲੰਡਨ ਓਲੰਪਿਕ  ਲਈ ਕੁਆਲੀਫਾਈ ਕਰਕੇ ਆਪਣੇ ਉੱਤੇ ਲੱਗੇ ਡਰੱਗ ਤਸਕਰੀ ਦੇ ਦਾਗ ਨੂੰ ਕੁਝ ਹੱਦ ਤੱਕ ਸਾਫ ਕਰਨ ’ਚ ਸਫਲਤਾ ਹਾਸਲ ਕੀਤੀ।
ਘਰੇਲੂ ਖੇਡ ਪ੍ਰੇਮੀਆਂ ਸਾਹਮਣੇ ਜੋਸੂਆ ਨੇ ਮੁੱਕੇਬਾਜ਼ੀ ਰਿੰਗ ’ਚ ਪਹਿਲੀਆਂ ਬਾਊਟਾਂ ਤੋਂ ਫਾਈਨਲ ਤੱਕ ਦਾ ਸਫਰ ਸਫਲਤਾਪੂਰਵਕ ਤੈਅ ਕਰਕੇ ਆਪਣੇ ’ਤੇ ਓਲੰਪਿਕ ਚੈਂਪੀਅਨ ਬਾਕਸਰ ਦਾ ਠੱਪਾ ਲਗਵਾਇਆ। ਲੰਡਨ ਓਲੰਪਿਕ ’ਚ ਸੁਪਰਵੇਟ ਡਿਵੀਜ਼ਨ ਵਿੱਚ 16 ਮੁੱਕੇਬਾਜ਼ਾਂ ਦੇ ਸਭ ਤੋਂ ਔਖੇ ਡਰਾਅ ਦੇ ਡੈਥ ਗਰੁੱਪ ਕਿਊਬਾ ਤੇ ਚੀਨ ਦੇ ਮੁੱਕੇਬਾਜ਼ਾਂ ਦਾ ਸਾਹਮਣਾ ਕਰਨਾ ਪੈਣਾ ਸੀ। ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦਿਆਂ ਲੰਡਨ ਦੇ ਘਰੇਲੂ ਰਿੰਗ ਉੱਤੇ ਜੋਸ਼ੂਆ ਦਾ ਖਿਤਾਬੀ ਭੇੜ ਇਟਲੀ ਦੇ 32 ਸਾਲਾ ਓਲੰਪਿਕ ਚੈਂਪੀਅਨ ਤੇ ਦੋ ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੇ ਰੋਬਰਟੋ ਕੋਮਾਰੇਲੀ ਨਾਲ ਹੋਇਆ। ਤੀਜੇ ਗੇੜ ’ਚ ਮੁਕਾਬਲਾ 18-18 ਅੰਕਾਂ ਨਾਲ ਬਰਾਬਰ ਰਿਹਾ ਪਰ ਜੋਸ਼ੂਆ ਨੂੰ ਵਾਇਆ ਕਾਊਂਟ ਬੈਕ ਮੈਥਿਡ ਰਾਹੀਂ ਸੋਨ ਤਗ਼ਮਾ ਜੇਤੂ ਐਲਾਨ ਦਿੱਤਾ ਗਿਆ।
ਚਚੇਰੇ ਭਰਾ ਨਾਲ ਪੇਸ਼ੇਵਰ ਮੁੱਕੇਬਾਜ਼ੀ ’ਚ ਕਰੀਅਰ ਦਾ ਆਗਾਜ਼ ਕਰਨ ਵਾਲਾ ਜੋਸ਼ੂਆ 19 ਵਾਰ ਬਾਕਸਿੰਗ ਰਿੰਗ ’ਚ ਉਤਰ ਚੁੱਕਾ ਹੈ ਅਤੇ ਸਾਰੀਆਂ 19 ਬਾਊਟਾਂ ਵਿੱਚ ਉਸ ਨੇ ਜਿੱਤ ਦੇ ਡੰਕੇ ਵਜਾ ਕੇ ਵਿਰੋਧੀ ਮੁੱਕੇਬਾਜ਼ਾਂ ਨੂੰ ਨਾਕਆਊਟ ਕੀਤਾ ਹੈ। ਇਸ ਕਰਕੇ ਜੋਸ਼ੂਆ ਨੂੰ 2013 ਵਿੱਚ ‘ਮੈਂਬਰ ਆਫ ਦਿ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ’ ਭਾਵ ਐਮਬੀਈ ਨਾਮਜ਼ਦ ਕੀਤਾ ਗਿਆ। ਜੋਸ਼ੂਆਂ ਦੀਆਂ ਜਿੱਤਾਂ ਦਾ ਰਿਕਾਰਡ ਏਡਾ ਵੱਡਾ ਹੈ ਕਿ ਇੱਕ ਲੇਖ ਲਿਖਣ ਦੀ ਥਾਂ ਇੱਕ ਕਿਤਾਬ ਵਿੱਚ ਹੀ ਉਸਦੀਆਂ ਪ੍ਰਾਪਤੀਆਂ ਦੇ ਨਾਲ ਲਿਆਂ ਕੀਤਾ ਜਾ ਸਕਦਾ ਹੈ।