ਚੰਡੀਗੜ੍ਹ, 22 ਨਵੰਬਰ
ਪੰਥਕ ਫਰੰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 29 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣ ਵਾਲੀ ਚੋਣ ਵਿੱਚ ਬਾਦਲਾਂ ਦੇ ਉਮੀਦਵਾਰਾਂ ਨੂੰ ਟੱਕਰ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਥਕ ਫਰੰਟ ਨੇ ਐਸਜੀਪੀਸੀ ਅਤੇ ਸਿੱਖ ਤਖਤਾਂ ’ਤੇ ਭਾਰੂ ਪਰਿਵਾਰਵਾਦ ਤੋਂ ਵੀ ਕੌਮ ਦਾ ਖਹਿੜਾ ਛੁਡਾਉਣ ਦਾ ਫ਼ੈਸਲਾ ਕੀਤਾ ਹੈ।
ਪੰਥਕ ਫਰੰਟ ਦੇ ਕਨਵੀਨਰ ਤੇ ਐਸਜੀਪੀਸੀ ਦੇ ਮੈਂਬਰ ਸੁਖਦੇਵ ਸਿੰਘ ਭੌਰ ਨੇ ਅੱਜ ਇਹ ਐਲਾਨ ਕਰਦਿਆਂ ਕਿਹਾ ਕਿ ਫਰੰਟ ਨੇ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਅੱਜ ਖੁੱਲ੍ਹਾ ਪੱਤਰ ਜਾਰੀ ਕਰਕੇ ਕਮੇਟੀ ਨੂੰ ਪਰਿਵਾਰਵਾਦ ਤੋਂ ਮੁਕਤ ਕਰਨ ਤੇ ਸਿੱਖਾਂ ਦੀ ਇਸ ਸਿਰਮੌਰ ਜਥੇਬੰਦੀ ਦੇ ਖੁੱਸੇ ਵੱਕਾਰ ਨੂੰ ਬਹਾਲ ਕਰਨ ਲਈ ਆਪਣੀ ਜ਼ਮੀਰ ਦੀ ਆਵਾਜ਼ ਪਛਾਣਨ ਦੀ ਅਰਜ਼ੋਈ ਕੀਤੀ ਹੈ। ਸ੍ਰੀ ਭੌਰ ਨੇ ਅੱਜ ਇੱਥੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਸੁਰਜੀਤ ਸਿੰਘ ਗੜ੍ਹੀ, ਪੰਥ ਰਤਨ ਮਰਹੂਮ ਗੁਰਚਰਨ ਸਿੰਘ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ, ਇੰਦਰਮੋਹਨ ਸਿੰਘ ਲਖਮੀਰਵਾਲ, ਬਾਬਾ ਗੁਰਪ੍ਰੀਤ ਸਿੰਘ ਰੰਧਾਵੇਵਾਲੇ, ਸ਼ਿੰਗਾਰਾ ਸਿੰਘ ਲੋਹੀਆਂ, ਸਰਬੰਸ ਸਿੰਘ ਮਾਣਕੀ, ਅਮਰੀਕ ਸਿੰਘ ਸ਼ਾਹਪੁਰ, ਨਿਰਮੈਲ ਸਿੰਘ ਜੌਹਲਾ, ਮਹਿੰਦਰ ਸਿੰਘ ਹੁਸੈਨਪੁਰ ਆਦਿ ਸਮੇਤ ਸਾਰੇ ਮੈਂਬਰਾਂ ਨੂੰ ਖੁੱਲ੍ਹਾ ਪੱਤਰ ਜਾਰੀ ਕਰਦਿਆਂ ਕਿਹਾ ਕਿ ਫਰੰਟ ਬਾਦਲਾਂ ਦੇ ਉਮੀਦਵਾਰਾਂ ਨੂੰ ਚੋਣ ਦੌਰਾਨ ਟੱਕਰ ਦੇਵੇਗਾ। ਫਰੰਟ ਦੇ ਅਹੁਦੇਦਾਰਾਂ ਦਾ ਐਲਾਨ ਚੋਣ ਵਾਲੇ ਦਿਨ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਇਸ ਵੇਲੇ ਫਰੰਟ ਨਾਲ 22 ਮੌਜੂਦਾ ਅਤੇ 7 ਸਾਬਕਾ ਮੈਂਬਰ ਜੁੜੇ ਹਨ, ਪਰ ਵੱਡੀ ਗਿਣਤੀ ਵਿੱਚ ਮੈਂਬਰ ਉਨ੍ਹਾਂ ਦੇ ਸੰਪਰਕ ਵਿੱਚ ਵੀ ਹਨ। ਕਈ ਪੰਥਕ ਧਿਰਾਂ ਨੇ ਉਨ੍ਹਾਂ ਨੂੰ ਹਮਾਇਤ ਦੇਣ ਦੇ ਫ਼ੈਸਲੇ ਵੀ ਲੈ ਲਏ ਹਨ।