ਬ੍ਰਿਸਬਨ, ਆਪਣੇ ਤੇਜ਼ ਗੇਂਦਬਾਜ਼ਾਂ ਦੇ ਜ਼ੋਰ ’ਤੇ ਆਸਟਰੇਲਿਆਈ ਟੀਮ ਭਲਕੇ ਗਾਬਾ ’ਤੇ ਐਸ਼ੇਜ਼ ਟੈਸਟ ਲੜੀ ਦਾ ਪਹਿਲਾ ਮੈਚ ਆਪਣੇ ਰਵਾਇਤੀ ਵਿਰੋਧੀ ਇੰਗਲੈਂਡ ਨਾਲ ਖੇਡੇਗੀ ਤਾਂ ਇਕ ਵਾਰ ਫਿਰ ਉਸ ਦੇ ਬੱਲੇਬਾਜ਼ੀ ਕ੍ਰਮ ਨੂੰ ਖ਼ੌਫ਼ਜ਼ਦਾ ਕਰਕੇ ਆਪਣੀ ਸਰਜ਼ਮੀਂ ’ਤੇ ਟੈਸਟ ਕ੍ਰਿਕਟ ਦੀ ਸਭ ਤੋਂ ਵਕਾਰੀ ਟਰਾਫੀ ਆਪਣੇ ਨਾਂ ਕਰਨਾ ਚਾਹੇਗੀ।
ਆਸਟਰੇਲਿਆਈ ਚੋਣਕਾਰਾਂ ਨੇ ਐਸ਼ੇਜ਼ ਟੀਮ ਦੀ ਚੋਣ ਵਿੱਚ ਕਈ ਹੈਰਾਨੀ ਭਰੇ ਫੈਸਲੇ ਲਏ ਹਨ ਪਰ ਉਨ੍ਹਾਂ ਨੂੰ ਆਸ ਹੈ ਕਿ ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ ਅਤੇ ਪੈਟ ਕਮਿਨਜ਼ ਉਸ ਸਫ਼ਲਤਾ ਨੂੰ ਦੋਹਰਾ ਸਕਣਗੇ ਜੋ ਇੱਥੇ 2013 ਵਿੱਚ ਮਿਸ਼ੇਲ ਜੋਹਨਸਨ ਨੂੰ ਮਿਲੀ ਸੀ। ਇੰਗਲੈਂਡ ਦੇ ਬੱਲੇਬਾਜ਼ੀ ਕ੍ਰਮ ਕੋਲ ਵੱਧ ਤਜ਼ਰਬਾ ਨਹੀਂ ਹੈ ਅਤੇ ਐਸ਼ੇਜ਼ ਦੀ ਉਸ ਦੀਆਂ ਤਿਆਰੀਆਂ ਨੂੰ ਕਰਾਰਾ ਝਟਕਾ ਲੱਗਾ ਜਦੋਂ ਨਾਈਟ ਕਲੱਬ ਦੇ ਬਾਹਰ ਝੜਪ ਦੇ ਮਾਮਲੇ ਵਿੱਚ ਸਟਾਰ ਹਰਫ਼ਨਮੌਲਾ ਬੈਨ ਸਟੋਕਸ ਮੁਅੱਤਲ ਹੋ ਗਿਆ। ਆਸਟਰੇਲੀਆ ਦਾ ਗਾਬਾ ’ਤੇ ਰਿਕਾਰਡ ਬਿਹਤਰ ਰਿਹਾ ਹੈ ਜਿੱਥੇ 1988 ਤੋਂ ਉਹ ਕੋਈ ਟੈਸਟ ਮੈਚ ਨਹੀਂ ਹਾਰਿਆ ਹੈ। ਇੰਗਲੈਂਡ 31 ਸਾਲਾਂ ਤੋਂ ਇੱਥੇ ਟੈਸਟ ਮੈਚ ਨਹੀਂ ਜਿੱਤ ਸਕਿਆ ਹੈ। 19ਵੀਂ ਸਦੀ ਤੋਂ ਚੱਲੀ ਆ ਰਹੀ ਇਸ ਦੁਵੱਲੀ ਲੜੀ ਦੀਆਂ ਤਿਆਰੀਆਂ ਰਵਾਇਤੀ ਢੰਗ ਤੋਂ ਹਮਲਾਵਰ ਹੁੰਦੀਆਂ ਹਨ।
ਆਸਟਰੇਲਿਆਈ ਉਪ ਕਪਤਾਨ ਡੇਵਿਡ ਵਾਰਨਰ ਨੇ ਇਸ ਲੜੀ ਨੂੰ ਜੰਗ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਇੰਗਲੈਂਡ ਦੇ ਕੁਝ ਕ੍ਰਿਕਟਰਾਂ ਦਾ ਕਰੀਆਰ ਖ਼ਤਮ ਕਰਨਾ ਚਾਹੇਗੀ। ਉਨ੍ਹਾਂ ਚਾਰ ਸਾਲ ਪਹਿਲਾਂ ਜੌਹਨਸਨ ਦੇ ਪ੍ਰਦਰਸ਼ਨ ਦਾ ਜ਼ਿਕਰ ਵੀ ਕੀਤਾ ਜਦੋਂ ਉਸ ਨੇ ਬ੍ਰਿਸਬਨ ਵਿੱਚ ਨੌਂ ਵਿਕਟਾਂ ਲਈਆਂ ਸਨ। ਆਸਟਰੇਲੀਆ ਨੇ ਪਹਿਲਾ ਟੈਸਟ 381 ਦੌੜਾਂ ਤੋਂ ਅਤੇ ਲੜੀ 5-0 ਨਾਲ ਜਿੱਤੀ ਸੀ।
ਸਟਾਰਕ ਦੀ ਅਗਵਾਈ ਵਿੱਚ ਤਿੰਨੇ ਤੇਜ਼ ਗੇਂਦਬਾਜ਼ਾਂ ਨੇ ਟੈਸਟ ਵਿੱਚ ਕਦੇ ਇਕ ਸਾਲ ਤੇਜ਼ ਗੇਂਦਬਾਜ਼ੀ ਨਹੀਂ ਕੀਤੀ ਹੈ ਪਰ ਉਨ੍ਹਾਂ ਦਾ ਮਿਲ ਕੇ ਸਟਰਾਈਕ ਰੇਟ ਆਪਣੇ ਸਾਬਕਾ ਤੇਜ਼ ਗੇਂਦਬਾਜ਼ਾਂ ਨਾਲੋਂ ਬਿਹਤਰ ਹੈ। ਸਟਾਰਕ ਦੇ ਨਿਸ਼ਾਨੇ ’ਤੇ ਇੰਗਲੈਂਡ ਦੇ ਦੋ ਵੱਡੇ ਬੱਲੇਬਾਜ਼ ਕਪਤਾਨ ਜੋਅ ਰੂਟ ਅਤੇ ਸਾਬਕਾ ਕਪਤਾਨ ਐਲੇਸਟੇਅਰ ਕੁੱਕ ਹੋਣਗੇ। ਆਸਟਰੇਲੀਆ ਨੇ ਵਿਕਟਕੀਪਰ ਟਿਮ ਪੇਨ ਨੂੰ ਸੱਤ ਸਾਲਾਂ ਬਾਅਦ ਟੈਸਟ ਟੀਮ ਵਿੱਚ ਚੁਣਿਆ ਹੈ। ਉੱਥੇ ਹੀ ਸੀਨੀਅਰ ਬੱਲੇਬਾਜ਼ ਸ਼ਾਨ ਮਾਰਸ਼ ਦੀ ਵੀ ਅੱਠਵੀਂ ਵਾਰ ਟੀਮ ਵਿੱਚ ਵਾਪਸੀ ਹੋਈ ਹੈ।
ਪਹਿਲੇ ਟੈਸਟ ਲਈ ਆਸਟਰੇਲਿਆਈ ਟੀਮ ਵਿੱਚ ਸਟੀਵਨ ਸਮਿੱਥ (ਕਪਤਾਨ), ਡੇਵਿਡ ਵਾਰਨਰ, ਕੈਮਰਨ ਬੈਨਕਰਾਫਟ, ਉਮਾਨ ਖਵਾਜਾ, ਪੀਟਰ ਹੈਂਡਜ਼ਕੌਂਬ, ਸ਼ਾਨ ਮਾਰਸ਼, ਟਿਮ ਪੇਨ, ਮਿਸ਼ੇਲ ਸਟਾਰਕ, ਪੈਟ ਕਮਿਨਜ਼, ਜੋਸ਼ ਹੇਜ਼ਲਵੁੱਡ, ਨਾਥਨ ਲਿਓਨ। ਇੰਗਲੈਂਡ ਦੀ ਟੀਮ ’ਚ ਜੋਅ ਰੂਟ (ਕਪਤਾਨ), ਜੇਮਜ਼ ਐਂਡਰਸਨ, ਜੌਨੀ ਬੇਅਰਸਟਾਅ, ਜੈਕ ਬਾਲ, ਸਟੂਅਰਟ ਬਰਾਡ, ਐਲੀਏਸਟਰ ਕੁੱਕ, ਡੇਵਿਡ ਮੈਲਨ, ਮਾਰਕ ਸਟੋਨਮੈਨ, ਜੇਮਜ਼ ਵਿਨਸ ਤੇ ਕ੍ਰਿਸ ਵੋਕਸ ਸ਼ਾਮਲ ਹਨ।