ਏਜਬਸਟਨ, 23 ਅਗਸਤ
ਦਿੱਗਜ਼ ਕ੍ਰਿਕਟਰ ਕਰਟਲੀ ਐਂਬਰੋਸ ਨੇ ਇੰਗਲੈਂਡ ਖ਼ਿਲਾਫ਼ ਪਾਰੀ ਨਾਲ ਮਿਲੀ ਕਰਾਰੀ ਹਾਰ ਮਗਰੋਂ ਵੈਸਟ ਇੰਡੀਜ਼ ਕ੍ਰਿਕਟ ਟੀਮ ਦੀ ਸਖ਼ਤ ਝਾੜ-ਝੰਬ ਕੀਤੀ ਹੈ ਤੇ ਉਸ ਨੂੰ ਬਕਵਾਸ ਦੱਸਿਆ ਹੈ। ਇੰਗਲੈਂਡ ਨੇ ਏਜਬਸਟਨ ’ਚ ਪਹਿਲੇ ਦਿਨ-ਰਾਤ ਦੇ ਟੈਸਟ ਮੈਚ ’ਚ ਪਾਰੀ ਤੇ 209 ਦੌੜਾਂ ਦੇ ਵੱਡੇ ਫਰਕ ਨਾਲ ਵੈਸਟ ਇੰਡੀਜ਼ ਨੂੰ ਹਰਾ ਕੇ ਸੀਰੀਜ਼ ’ਚ 1-0 ਨਾਲ ਲੀਡ ਬਣਾਈ ਸੀ।
ਵੈਸਟ ਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਐਂਬਰੋਸ ਨੇ ਕਿਹਾ, ‘ਮੇਰੇ ਲਈ ਵਿੰਡੀਜ਼ ਟੀਮ ਦਾ ਇਹ ਮੈਚ ਸ਼ਰਮਨਾਕ ਸੀ। ਮੈਂ ਮੈਚ ’ਚ ਟੀਮ ਦੇ ਖਿਡਾਰੀਆਂ ’ਚ ਜ਼ਰਾ ਜਿੰਨਾ ਵੀ ਹਮਲਾਵਰ ਰੁਖ ਨਹੀਂ ਦੇਖਿਆ।’ ਕਰੀਅਰ ਦੇ 98 ਟੈਸਟ ਮੈਚਾਂ ’ਚ ਵੈਸਟ ਇੰਡੀਜ਼ ਲਈ 405 ਵਿਕਟਾਂ ਲੈਣ ਵਾਲੇ ਸਾਬਕਾ ਮਹਾਨ ਕ੍ਰਿਕਟਰ ਨੇ ਕੌਮੀ ਟੀਮ ਦੇ ਇਸ ਪ੍ਰਦਰਸ਼ਨ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ, ‘ਮੈਚ ’ਚ ਲੱਗਾ ਹੀ ਨਹੀਂ ਕਿ ਉਹ ਇੰਗਲੈਂਡ ਨੂੰ ਹਰਾ ਸਕਦੇ ਹਨ। ਅਜਿਹਾ ਲੱਗ ਰਿਹਾ ਸੀ ਕਿ ਉਹ ਉਡੀਕ ਕਰ ਰਹੇ ਹਨ ਕਿ ਇੰਗਲੈਂਡ ਗਲਤੀ ਕਰੇ। ਇਸ ਪੱਧਰ ’ਤੇ ਅਜਿਹੀ ਨਹੀਂ ਚੱਲੇਗਾ। ਮੈਨੂੰ ਇਹ ਮੈਚ ਦੇਖ ਕੇ ਬਹੁਤ ਦੁਖ ਹੋਇਆ।’
ਵੈਸਟ ਇੰਡੀਜ਼ ਟੀਮ ਨੇ ਵਿਦੇਸ਼ੀ ਜ਼ਮੀਨ ’ਤੇ ਪਿਛਲੇ 20 ਸਾਲਾਂ ’ਚੋਂ 87 ’ਚੋਂ ਸਿਰਫ਼ ਤਿੰਨ ਟੈਸਟ ਮੈਚ ਹੀ ਜਿੱਤੇ ਹਨ। ਐਂਬਰੋਸ ਨੇ ਕਿਹਾ ਕਿ ਉਹ ਟੀਮ ਨਾਲ ਬਤੌਰ ਗੇਂਦਬਾਜ਼ੀ ਕੋਚ ਦੋ ਸਾਲ ਲਈ ਰਹੇ ਅਤੇ ਉਨ੍ਹਾਂ ਖਿਡਾਰੀਆਂ ਨੂੰ ਸਿਖਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਉਨ੍ਹਾਂ ਟੀਮ ਨੂੰ ਆਪਣੇ ਲੋਕਾਂ ਦੀ ਅਗਵਾਈ ਕਰਨ ਤੇ ਸਨਮਾਨ ਲਈ ਖੇਡਣ ਦਾ ਪਾਠ ਪੜ੍ਹਾਇਆ ਸੀ, ਪਰ ਮੈਦਾਨ ’ਤੇ ਉਨ੍ਹਾਂ ਖੁਦ ਦੇ ਹਿਸਾਬ ਨਾਲ ਹੀ ਖੇਡਣਾ ਹੈ। ਐਂਬਰੋਸ ਨੇ ਕਿਹਾ ਕਿ ਹੁਣ ਤੱਕ ਦਾ ਪ੍ਰਦਰਸ਼ਨ ਬਿਲਕੁਲ ਬਕਵਾਸ ਸੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਟੀਮ ਬਾਕੀ ਦੋਵੇਂ ਮੈਚ ਸਹੀ ਢੰਗ ਨਾਲ ਖੇਡੇਗੀ।