ਕਾਕਾਮਿਗਹਰਾ (ਜਪਾਨ), ਚੌਥੇ ਕੁਆਰਟਰ ’ਚ ਹੋਏ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆ ਕੱਪ ’ਚ ਲਗਾਤਾਰ ਤੀਜੀ ਜਿੱਤ ਦਰਜ ਕਰਦਿਆਂ ਅੱਜ ਇੱਕੇ ਮਲੇਸ਼ੀਆ ਨੂੰ 2-0 ਨਾਲ ਹਰਾ ਦਿੱਤਾ। ਭਾਰਤ ਗਰੁੱਪ ਗੇੜ ’ਚ ਨੌਂ ਅੰਕ ਲੈ ਕੇ ਸਿਖਰ ’ਤੇ ਰਿਹਾ ਹੈ। ਭਾਰਤ ਵੱਲੋਂ ਵੰਦਨਾ ਕਟਾਰੀਆ (54ਵਾਂ ਮਿੰਟ) ਤੇ ਗੁਰਜੀਤ ਕੌਰ (55ਵਾਂ ਮਿੰਟ) ਨੇ ਗੋਲ ਕੀਤੇ। ਭਾਰਤ ਨੇ ਪਿਛਲੇ ਮੈਚ ’ਚ ਚੀਨ ਨੂੰ 4-1 ਨਾਲ ਹਰਾਇਆ ਸੀ।
ਪਹਿਲੇ ਕੁਆਰਟਰ ’ਚ ਦੋਵੇਂ ਟੀਮਾਂ ਅਹਿਤਿਆਤ ਨਾਲ ਖੇਡੀਆਂ। ਮਲੇਸ਼ੀਆ ਨੇ ਰੱਖਿਆਤਮਕ ਹਾਕੀ ਦਿਖਾਈ ਜਦਕਿ ਭਾਰਤੀ ਟੀਮ ਨੇ ਕੋਈ ਗ਼ਲਤੀ ਕੀਤੇ ਬਿਨਾਂ ਮੌਕਿਆਂ ਦੀ ਉਡੀਕ ਕੀਤੀ। ਮਲੇਸ਼ੀਆ ਨੂੰ ਦੂਜੇ ਕੁਆਰਟਰ ਦੇ ਸ਼ੁਰੂਆਤੀ ਮਿੰਟਾਂ ’ਚ ਪਹਿਲਾ ਪੈਨਲਟੀ ਕਾਰਨਰ ਮਿਲਿਆ, ਪਰ ਰਜਨੀ ਇਤਿਮਾਰਪੂ ਨੇ ਉਸ ’ਤੇ ਗੋਲ ਨਹੀਂ ਹੋਣ ਦਿੱਤਾ। ਅਗਲੇ ਕੁਝ ਮਿੰਟਾਂ ’ਚ ਦੋਵਾਂ ਟੀਮਾਂ ਨੂੰ ਪੈਨਲਟੀ ਕਾਰਨਰ ਮਿਲੇ। ਭਾਰਤ ਨੂੰ ਇੱਕ ਤੇ ਮਲੇਸ਼ੀਆ ਨੂੰ ਦੋ ਪੈਨਲਟੀ ਕਾਰਨਰ ਮਿਲੇ, ਪਰ ਇੱਕ ’ਤੇ ਵੀ ਗੋਲ ਨਹੀਂ ਹੋ ਸਕਿਆ।
ਮਲੇਸ਼ੀਆ ਨੂੰ ਤੀਜੇ ਕੁਆਰਟਰ ’ਚ ਵੀ ਪੈਨਲਟੀ ਕਾਰਨਰ ਮਿਲਿਆ, ਪਰ ਗੋਲ ਨਹੀਂ ਹੋ ਸਕਿਆ। ਚੌਥੇ ਤੇ ਆਖਰੀ ਕੁਆਰਟਰ ’ਚ ਕਟਾਰੀਆ ਨੇ 54ਵੇਂ ਮਿੰਟ ’ਚ ਮੈਦਾਨੀ ਗੋਲ ਕੀਤਾ। ਅਗਲੇ ਮਿੰਟ ’ਚ ਡਰੈਗ ਫਲਿਕਰ ਗੁਰਜੀਤ ਕੌਰ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਤਬਦੀਲ ਕਰਕੇ ਭਾਰਤ ਨੂੰ ਦੂਜੀ ਕਾਮਯਾਬੀ ਦਿਵਾਈ।