ਤੇਰੇ ਲੱਗ ਕੇ ਪਿੱਛੇ ਸੁਨੱਖਿਆ ਵੇ
ਅਸੀਂ ਇਸ਼ਕ ਦਾ ਹੂਲਾ ਫੱਕਿਆ ਵੇ
ਜਿਸ ਦਿਨ ਦਾ ਤੱਕਿਆ ਅਸੀਂ ਤੈਨੂੰ
ਮੁੜ ਖ਼ੁਦ ਦੇ ਵੱਲ ਵੀ ਨਾ ਤੱਕਿਆ ਵੇ
ਕੱਟੀ ਹਿਜਰ ਦੇ ‘ਨੇਰ ਵਿੱਚ ਉਮਰ ਸਾਰੀ
ਮਸਾਂ ਦੀਦ ਦਾ ਚਾਨਣ ਖੱਟਿਆ ਵੇ ।
ਤੇਰੇ ਲੱਗ ਕੇ ਪਿੱਛੇ ਸੁਨੱਖਿਆ ਵੇ
ਅਸੀਂ ਅੱਗ ਦਾ ਦਰਿਆ ਪਾਰ ਕੀਤਾ
ਤੇਰੇ ਰੋਸਿਆਂ ਨੂੰ ਮੱਥੇ ਨਾਲ਼ ਲਾਇਆ
ਤੇਰੀ ਝਿੜਕ ਦਾ ਵੀ ਸਤਿਕਾਰ ਕੀਤਾ
ਤੂੰ ਸਾਡੇ ਚੰਮ ਦੇ ਪੈਰੀਂ ਹੰਢਾ ਖੁੱਸੇ
ਫੇਰ ਆਖੀਂ ਜੇ ਅਸੀਂ ਇਨਕਾਰ ਕੀਤਾ ।
ਤੇਰੇ ਲੱਗ ਕੇ ਪਿੱਛੇ ਸੁਨੱਖਿਆ ਵੇ
ਅਸੀਂ ਜੱਗ ਦੀਆਂ ਤੁਹਮਤਾਂ ਸਹੇੜ ਲਈਆਂ
ਲੈ ਕੇ ਇਸ਼ਕ ਤੇਰੇ ਦਾ ਲਾਲ ਧਾਗਾ
ਪਰ ਕਿਸਮਤਾਂ ਉਧੜੀਆਂ ਲੇੜ੍ਹ ਲਈਆਂ
ਤੇਰੇ ਬੋਲਾਂ ਦਾ ਅਸੀਂ ਧਿਆਨ ਧਰਿਆ
ਤੇਰੀ ਚੁੱਪ ਤੇ ਗੱਲਾਂ ਨਿਬੇੜ ਲਈਆਂ ।
ਤੇਰੇ ਲੱਗ ਕੇ ਪਿੱਛੇ ਸੁਨੱਖਿਆ ਵੇ
ਇੱਕ ਇਸ਼ਕ ਗਲੋਟਾ ਕੱਤਿਆ ਵੇ
ਪਹਿਲੋਂ ਤਨ ਆਪਣੇ ਦੀ ਰੂੰ ਪਿੰਜੀ
ਤੇ ਫੇਰ ਹੱਡੀਆਂ ਦਾ ਮੁੱਠ ਛੱਟਿਆ ਵੇ
ਤੇਰੇ ਹਿਜਰ ਦੇ ਸੋਗ ਨੂੰ ਵੀ ਚੰਨਾ
ਅਸੀਂ ਵਸਲ ਦੇ ਚਾਅ ਵਾਂਗ ਕੱਟਿਆ ਵੇ ।
ਤੇਰੇ ਲੱਗ ਕੇ ਪਿੱਛੇ ਸੁਨੱਖਿਆ ਵੇ
ਹੋਏ ਜੱਗ ਦੇ ਵਿੱਚ ਬਦਨਾਮ ਭਲਿਆ
ਤੇਰੇ ਚੁੰਮੀਏ ਹੱਥ ਸਾਡਾ ਹੱਜ ਹੋਵੇ
ਪੈਰੀਂ ਬੈਠੀਏ ਤਾਂ ਸਾਡਾ ਧਾਮ ਭਲਿਆ
ਤੇਰਾ ਦੇਖਿਆਂ ਮੁੱਖ ਸਵੇਰ ਹੁੰਦੀ
ਜੇ ਮੁੱਖ ਦਿਸੇ ਨਾ ਤਾਂ ਸਾਡੀ ਸ਼ਾਮ ਭਲਿਆ ।


ਨੀਲੂ ਜਰਮਨੀ