ਤਲਵੰਡੀ ਸਾਬੋ,ਨਗਰ ਪੰਚਾਇਤ ਤਲਵੰਡੀ ਸਾਬੋ ਦੇ ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਧਰਮਾ ਸਿੰਘ ਨਾਮਜ਼ਦਗੀ ਭਰਨ ਦੇ ਆਖ਼ਰੀ ਸਮੇਂ ਤਿੰਨ ਵਜੇ ਦੇ ਕਰੀਬ ਐੱਸ.ਡੀ.ਐੱਮ. ਕਮ ਚੋਣ ਅਫਸਰ ਦੇ ਦਫ਼ਤਰ ਦਾਖ਼ਲ ਹੋ ਗਏ ਸਨ।ਲੇਕਿਨ ਉਦੋਂ ਕਾਗਜ਼ਾਂ ਵਿੱਚ ਕੁੱਝ ਘਾਟ ਸੀ।ਤਿੰਨ ਵਜੇ ਤੋਂ ਬਅਦ ਜਦੋਂ ਉਸ ਨੇ ਆਪਣੇ ਕਾਗਜ਼ ਪੂਰੇ ਕਰਕੇ ਦਾਖ਼ਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਐੱਸ.ਡੀ.ਐੱਮ. ਨੇ ਕਾਗਜ਼ ਦਾਖ਼ਲ ਕਰਨ ਲਈ ਨਿਰਧਾਰਿਤ ਸਮਾਂ ਲੰਘ ਜਾਣ ਦਾ ਹਵਾਲਾ ਦਿੰਦਿਆਂ ਕਾਗਜ਼ ਲੈਣ ਤੋਂ ਨਾਂਹ ਕਰ ਦਿੱਤੀ ਜਦਕਿ ਉਮੀਦਵਾਰ ਦਾ ਕਹਿਣਾ ਸੀ ਕਿ ਕਾਗਜ਼ ਪੂਰੇ ਕਰਨ ਲਈ ਖੁਦ ਐੱਸ.ਡੀ.ਐੱਮ. ਨੇ ਉਸ ਨੂੰ ਦਫ਼ਤਰ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਸੀ।ਘਟਨਾ ਦਾ ਪਤਾ ਲੱਗਦਿਆਂ ਹੀ ਹਲਕੇ ਦੀ ‘ਆਪ’ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਐੱਸ.ਡੀ.ਐੱਮ ਦਫ਼ਤਰ ਪੁੱਜ ਗਏ ਤੇ ਜਦੋਂ ਉਨ੍ਹਾਂ ਨੇ ਉਮੀਦਵਾਰ ਦੇ ਕਾਗਜ਼ ਦਾਖ਼ਲ ਕਰਨ ਲਈ ਜ਼ੋਰ ਪਾਇਆ। ਜਿਉਂ ਹੀ ‘ਆਪ’ ਦੇ ਉਮੀਦਵਾਰ ਨੇ ਰਹਿੰਦੇ ਕਾਗਜ਼ਾਂ ’ਤੇ ਦਸਤਖਤ ਕੀਤੇ ਤਾਂ ਪਤਾ ਲੱਗਣ ‘ਤੇ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਆਪਣੇ ਸਮੱਰਥਕਾਂ ਨਾਲ ਉੱਥੇ ਆ ਗਏ। ਉਨ੍ਹਾਂ ਨਿਰਧਾਰਿਤ ਸਮੇਂ ਤੋਂ ਬਾਅਦ ਨਾਮਜ਼ਦਗੀ ਕਾਗਜ਼ ਐੱਸ.ਡੀ.ਐੱਮ. ਵੱਲੋਂ ਲੈਣ ‘ਤੇ ਇਤਰਾਜ਼ ਲਾਉਣਾ ਸ਼ੁਰੂ ਕਰ ਦਿੱਤਾ।ਇਤਰਾਜ਼ ਤੋਂ ਬਾਅਦ ਐੱਸ.ਡੀ.ਐੱਮ. ਦੇ ਨਾਲ ਉੱਥੇ ਮੌਜੂਦ ਚੋਣ ਅਬਜ਼ਰਵਰ ਨੇ ਕਾਗਜ ਦਾਖ਼ਲ ਕਰਨ ਤੋਂ ਨਾਂਹ ਕਰ ਦਿੱਤੀ। ਹਲਕਾ ਵਿਧਾਇਕਾ ਨੇ ਐੱਸ.ਡੀ.ਐੱਮ ਕੋਲ ਪਹੁੰਚ ਕੇ ਉਮੀਦਵਾਰ ਦੇ ਕਾਗਜ਼ ਦਾਖ਼ਲ ਕਰਨ ਲਈ ਦਬਾਅ  ਬਣਾਇਆ ਪਰ ਐੱਸ.ਡੀ.ਐੱਮ. ਨੇ ਕਾਗਜ਼ ਦਾਖ਼ਲ ਕਰਨ ਤੋਂ ਜਵਾਬ ਦੇ ਦਿੱਤਾ ਜਿਸ ਕਾਰਨ ਤਲਖੀ ਵਾਲਾ ਮਾਹੌਲ ਵੀ ਬਣਿਆ ਤੇ ਵਿਧਾਇਕਾ ਦੀ ਇੱਕ ਕਾਂਗਰਸੀ ਆਗੂ ਨਾਲ ਬਹਿਸ ਵੀ ਹੋਈ।ਤਣਾਅਪੂਰਨ ਮਾਹੌਲ ਨੂੰ ਦੇਖਦਿਆਂ ਸਮੁੱਚੇ ਕੰਪਲੈਕਸ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਗਈ। ਆਖ਼ਰ ਵਿੱਚ ‘ਆਪ’ ਉਮੀਦਵਾਰ ਦੇ ਨਾਮਜ਼ਦਗੀ ਕਾਗਜ਼ ਦਾਖ਼ਲ ਨਹੀਂ ਹੋ ਸਕੇ। ਪਰ ਆਪ ਵਿਧਾਇਕਾ ਨੇ ਪ੍ਰਸ਼ਾਸਨ ‘ਤੇ ਪੱਖਪਾਤ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਚੋਣ ਕਮਿਸ਼ਨ ਕਿਤੇ ਨਜ਼ਰ ਨਹੀਂ ਆ ਰਿਹਾ ਤੇ ਕਾਂਗਰਸ ਸੱਤਾ ਦੇ ਜ਼ੋਰ ‘ਤੇ ਧੱਕੇ ਨਾਲ ਚੋਣ ਜਿੱਤਣਾ ਚਾਹੁੰਦੀ ਹੈ। ਦੂਜੇ ਪਾਸੇ, ਐੱਸ.ਡੀ.ਐੱਮ ਬਰਿੰਦਰ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਿਤੇ ਵੀ ਕੋਈ ਗੜਬੜ ਨਹੀਂ ਹੋਈ।