ਟੋਰਾਂਟੋ— ਕੈਨੇਡੀਅਨ ਸ਼ਹਿਰ ਟੋਰਾਂਟੋ ‘ਚ ਇਕ ਔਰਤ ਅਤੇ ਇਕ ਵਿਅਕਤੀ ਦੋਹਰੇ ਕਤਲਕਾਂਡ ਦੀ ਕੋਸ਼ਿਸ਼ ਦੇ ਕੇਸ ‘ਚ ਲੱਗੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਐਤਵਾਰ ਸਵੇਰੇ ਪੁਲਸ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਕਿ ਇੱਥੇ ਇਨ੍ਹਾਂ ਦੋਸ਼ੀਆਂ ਨੇ ਦੋ ਨੌਜਵਾਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਸਪਾਡੀਨਾ ਅਵੈਨਿਊ ਅਤੇ ਹਾਰਬੋਰਡ ਸਟਰੀਟ ਨੇੜੇ ਤੜਕੇ 1 ਵਜੇ ਇਹ ਦੁਰਘਟਨਾ ਵਾਪਰੀ। ਪੁਲਸ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਨੇ ਲਗਭਗ 20 ਕੁ ਸਾਲ ਦੇ ਦੋ ਨੌਜਵਾਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਦੋਵੇਂ ਹਸਪਤਾਲ ‘ਚ ਭਰਤੀ ਕਰਵਾਏ ਗਏ ਹਨ। ਫਿਲਹਾਲ ਪੁਲਸ ਦੋਸ਼ੀ ਔਰਤ ਅਤੇ ਵਿਅਕਤੀ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ। ਪੁਲਸ ਨੇ ਕਿਹਾ ਕਿ ਇਹ ਸਭ ਇਕ-ਦੂਜੇ ਨੂੰ ਜਾਣਦੇ ਸਨ ਅਤੇ ਮਾਮਲਾ ਆਪਸੀ ਰੰਜਸ਼ ਦਾ ਹੀ ਲੱਗ ਰਿਹਾ ਹੈ।ਪੁਲਸ ਨੇ ਕਿਹਾ ਕਿ ਅਜੇ ਇਹ ਦੋਸ਼ੀ ਹਿਰਾਸਤ ‘ਚ ਲੈ ਲਏ ਗਏ ਹਨ ਅਤੇ ਅਗਲੀ ਕਾਰਵਾਈ ਜਲਦੀ ਹੀ ਸ਼ੁਰੂ ਹੋਵੇਗੀ।