ਨੂਰਪੁਰ ਬੇਦੀ,ਪਿੰਡ ਖੇੜੀ ਦੇ ਕਈ ਦਰਜਨ ਲੋਕਾਂ ਨੂੰ ਆਟਾ ਦਾਲ ਸਕੀਮ ਤਹਿਤ ਦਿੱਤੀ ਜਾਂਦੀ ਸਹੂਲਤ ਬੰਦ ਕਰਨ ’ਤੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਇਸ ਸਬੰਧ ਵਿੱਚ ਅੱਜ ਪਿੰਡ ਖੇੜੀ ਦੀਆਂ ਔਰਤਾਂ ਅਤੇ ਹੋਰ ਪਿੰਡ ਵਾਸੀਆਂ ਨੇ ਐੱਸ.ਡੀ.ਐੱਮ ਸ੍ਰੀ ਆਨੰਦਪੁਰ ਸਾਹਿਬ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਆਟਾ ਦਾਲ ਦੇ ਕਾਰਡ ਬਹਾਲ ਕੀਤੇ ਜਾਣ।
ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਆਟਾ ਦਾਲ ਦੇ ਕਾਰਡ ਬਿਨਾਂ ਕਿਸੇ ਕਾਰਨ ਕੱਟੇ ਗਏ ਹਨ ਜਦਕਿ ਪਹਿਲਾਂ ਉਨ੍ਹਾਂ ਦੇ ਇਹ ਕਾਰਡ ਸਰਕਾਰ ਦੇ ਨਿਯਮਾਂ ਅਨੁਸਾਰ ਹੀ ਬਣਾਏ ਗਏ ਹਨ। ਪਿੰਡ ਵਾਸੀ ਜਗਤਾਰ ਸਿੰਘ, ਕਰਮ ਚੰਦ ਪੰਚ, ਜਗਵਿੰਦਰ ਕੌਰ, ਪਰਮਜੀਤ ਕੌਰ ਪੰਚ, ਰੇਖਾ ਰਾਣੀ, ਅਮਰਜੀਤ ਕੌਰ, ਜੀਤ ਸਿੰਘ, ਰਸ਼ਪਾਲ ਸਿੰਘ, ਹਰਮੇਸ਼ ਲਾਲ, ਪ੍ਰੀਤੋ ਦੇਵੀ ਅਤੇ ਜਸਵਿੰਦਰ ਕੌਰ ਆਦਿ ਨੇ ਕਿਹਾ ਕਿ ਆਟਾ ਦਾਲ ਸਕੀਮ ਨਾਲ ਗ਼ਰੀਬ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਸੀ ਪਰ ਹੁਣ ਪਿੰਡ ਵਿੱਚ ਹੋਏ ਇੱਕ ਸਰਵੇ ਅਨੁਸਾਰ ਉਨ੍ਹਾਂ ਦੇ ਕਾਰਡ ਬਿਨਾਂ ਵਜ੍ਹਾ ਕੱਟ ਦਿੱਤੇ ਗਏ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਕਾਰਡ ਤਰੁੰਤ ਬਹਾਲ ਕਰਕੇ ਆਟਾ ਦਾਲ ਸਕੀਮ ਦਾ ਲਾਭ ਦਿੱਤਾ ਜਾਵੇ।