ਲੁਧਿਆਣਾ, 28 ਨਵੰਬਰ
ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਅਗਵਾਈ ਹੇਠ ਪਿਛਲੇ ਕਰੀਬ 60 ਦਿਨਾਂ ਤੋਂ ਲਗਾਤਾਰ ਸੰਘਰਸ਼ ਕਰਦੀਆਂ ਆ ਰਹੀਆਂ ਆਂਗਣਵਾੜੀ ਮੁਲਾਜ਼ਮਾਂ/ਹੈਲਪਰਾਂ ਨੂੰ ਆਖਰ ਜਿੱਤ ਨਸੀਬ ਹੋਣ ’ਤੇ ਅੱਜ ਲੁਧਿਆਣਾ ਵਿੱਚ ਜੇਤੂ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਸਮੂਹ ਮੁਲਾਜ਼ਮਾਂ ਅਤੇ ਹੈਲਪਰਾਂ ਨੂੰ ਇਸ ਸਫਲਤਾ ਲਈ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਆਪਣੀਆਂ ਮੰਗਾਂ ਲਈ ਇਕਜੁਟ ਹੋ ਕਿ ਰਹਿਣ ਦਾ ਸੱਦਾ ਦਿੱਤਾ।
ਸੁਭਾਸ਼ ਰਾਣੀ ਨੇ ਕਿਹਾ ਕਿ ਜਦੋਂ 20 ਸਤੰਬਰ ਨੂੰ ਪੰਜਾਬ ਦੀ ਕੈਬਨਿਟ ਵੱਲੋਂ ਬਿਨਾ ਵਿਉਂਤ ਦੇ ਪ੍ਰੀ-ਪ੍ਰਾਇਮਰੀ ਜਮਾਤਾਂ ਪ੍ਰਾਇਮਰੀ ਸਕੂਲ ਵਿੱਚ ਲਗਾਉਣ ਦਾ ਫੈਸਲਾ ਲਿਆ ਸੀ ਤਾਂ ਸੂਬੇ ਦੀਆਂ 54000 ਆਂਗਣਵਾੜੀ ਮੁਲਾਜ਼ਮਾਂ/ਵਰਕਰਾਂ ਦੀ ਨੌਕਰੀ ’ਤੇ ਤਲਵਾਰ ਲਟਕ ਗਈ ਸੀ ਅਤੇ ਆਂਗਣਵਾੜੀ ਕੇਂਦਰਾਂ ਦਾ ਵਜੂਦ ਵੀ ਖਤਰੇ ਵਿੱਚ ਆ ਗਿਆ ਸੀ। ਉਨ੍ਹਾਂ ਰੈਲੀ ਵਿੱਚ ਹਾਜ਼ਰ ਹੋਈਆਂ ਆਂਗਣਵਾੜੀ ਮੁਲਾਜਮਾਂ ਨੂੰ ਵਧਾਈ ਦਿੱਤੀ ਕਿ ਉਨਾਂ ਨੇ 21 ਸਤੰਬਰ ਤੋਂ 26 ਨਵੰਬਰ ਤੱਕ ਜਿਹੜਾ ਅਣਥੱਕ ਸੰਘਰਸ਼ ਕੀਤਾ ਅੱਜ ਉਸ ਦੇ ਨਤੀਜੇ ਵਜੋਂ ਹੀ ਉਨਾਂ ਨੂੰ ਜਿੱਤ ਨਸੀਬ ਹੋਈ ਹੈ। ਆਗੂ ਨੇ ਕਿਹਾ ਕਿ ਮਜ਼ਦੂਰ ਜਮਾਤ ਨੇ ਜਦੋਂ ਵੀ ਕੁੱਝ ਪ੍ਰਾਪਤ ਕੀਤਾ ਹੈ, ਉਹ ਸੰਘਰਸ਼ ਅਤੇ ਕੁਰਬਾਨੀਆਂ ਨਾਲ ਹੀ ਪ੍ਰਾਪਤ ਕੀਤਾ ਹੈ ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਸੰਘਰਸ਼ ਕੋਈ ਆਖਰੀ ਸੰਘਰਸ਼ ਨਹੀਂ ਸੀ ਸਗੋਂ ਮੁਲਾਜ਼ਮਾਂ ਨੂੰ ਆਪਣੀਆਂ ਰਹਿੰਦੀਆਂ ਮੰਗਾਂ ’ਚ ਹੈਲਪਰਾਂ ਨੂੰ ਗ੍ਰੇਡ ਦਿਵਾਉਣ, ਪੈਨਸ਼ਨ, ਗ੍ਰੇਚੁਟੀ ਲੈਣ ਆਦਿ ਤੱਕ ਸੰਘਰਸ਼ ਜਾਰੀ ਰੱਖਣਾ ਹੋਵੇਗਾ। ਰੈਲੀ ਨੂੰ ਉਕਤ ਤੋਂ ਇਲਾਵਾ ਮੀਤ ਪ੍ਰਧਾਨ ਹਰਦੇਵ ਕੌਰ, ਚਰਨਜੀਤ ਕੌਰ, ਅੰਜੂ ਮਹਿਤਾ, ਭਿੰਦਰ ਕੌਰ, ਆਸ਼ਾ ਰਾਣੀ, ਅਮਰਜੀਤ ਕੌਰ, ਨਿਰਮਲਜੀਤ, ਸ਼ਸ਼ੀ ਬਾਲਾ, ਰਜਨੀ ਬਾਲਾ, ਰਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ। ਰੈਲੀ ’ਚ ਪਹੁੰਚੀਆਂ ਆਂਗਣਵਾੜੀ ਮੁਲਾਜਮਾਂ ਦੇ ਜਿੱਥੇ ਖੁਸ਼ੀ ਨਾਲ ਚਿਹਰੇ ਖਿੜੇ ਹੋਏ ਸਨ ਉੱਥੇ ਉਹ ਇੱਕ-ਦੂਜੇ ਨੂੰ ਵੀ ਜਿੱਤ ਦੀਆਂ ਵਧਾਈਆਂ ਦੇ ਰਹੀਆਂ ਸਨ।