ਤਿਰੂਅਨੰਤਪੁਰਮ—ਪਹਿਲੇ ਦੋ ਮੈਚਾਂ ‘ਚ ਵੱਡਾ ਸਕੋਰ ਖੜ੍ਹਾ ਕਰ ਕੇ ਇਕ-ਦੂਜੇ ਨੂੰ ਢਹਿ-ਢੇਰੀ ਕਰ ਚੁੱਕੇ ਭਾਰਤ ਤੇ ਨਿਊਜ਼ੀਲੈਂਡ ਮੰਗਲਵਾਰ ਨੂੰ ਇਥੇ ਤੀਜੇ ਤੇ ਫੈਸਲਾਕੁੰਨ ਟੀ-20 ਮੁਕਾਬਲੇ ‘ਚ ਆਹਮੋ-ਸਾਹਮਣੇ ਹੋਣਗੇ । ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸੀਮਤ ਓਵਰਾਂ ਦੀ ਸੀਰੀਜ਼ ‘ਚ ਮੁਕਾਬਲਾ ਜ਼ਬਰਦਸਤ ਚੱਲ ਰਿਹਾ ਹੈ। ਭਾਰਤ ਨੇ ਵਨ ਡੇ ਸੀਰੀਜ਼ 2-1 ਨਾਲ ਜਿੱਤੀ ਪਰ ਟੀ-20 ਸੀਰੀਜ਼ ‘ਚ 1-1 ਨਾਲ ਬਰਾਬਰੀ ‘ਤੇ ਪਹੁੰਚ ਚੁੱਕੀ ਹੈ ਤੇ ਕੇਰਲ ਦੇ ਤਿਰੂਅਨੰਤਪੁਰਮ ਸਥਿਤ ਗ੍ਰੀਨਫੀਲਡ ਕੌਮਾਂਤਰੀ ਸਟੇਡੀਅਮ ‘ਚ ਸੀਰੀਜ਼ ਦਾ ਫੈਸਲਾ ਹੋਵੇਗਾ।
ਦਿੱਲੀ ‘ਚ ਪਹਿਲੇ ਮੁਕਾਬਲੇ ‘ਚ ਭਾਰਤ ਨੇ 3 ਵਿਕਟਾਂ ‘ਤੇ 202 ਦੌੜਾਂ ਬਣਾ ਕੇ ਵਿਸ਼ਵ ਦੀ ਨੰਬਰ ਇਕ ਟੀ-20 ਟੀਮ ਨਿਊਜ਼ੀਲੈਂਡ ਨੂੰ 8 ਵਿਕਟਾਂ ‘ਤੇ 149 ਦੌੜਾਂ ‘ਤੇ ਰੋਕ ਦਿੱਤਾ ਸੀ, ਜਦਕਿ ਰਾਜਕੋਟ ‘ਚ ਹੋਏ ਦੂਜੇ ਮੁਕਾਬਲੇ ‘ਚ ਨਿਊਜ਼ੀਲੈਂਡ ਨੇ 2 ਵਿਕਟਾਂ ‘ਤੇ 196 ਦੌੜਾਂ ਬਣਾਈਆਂ ਤੇ ਭਾਰਤੀ ਟੀਮ 7 ਵਿਕਟਾਂ ‘ਤੇ 156 ਦੌੜਾਂ ਹੀ ਬਣਾ ਸਕੀ। ਦਿੱਲੀ ਅਤੇ ਰਾਜਕੋਟ ਦੇ ਇਨ੍ਹਾਂ ਦੋਵੇਂ ਹੀ ਮੁਕਾਬਲਿਆਂ ‘ਚ ਜ਼ੋਰਦਾਰ ਪਾਰੀਆਂ ਖੇਡੀਆਂ ਸਨ। ਦਿੱਲੀ ‘ਚ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਨੇ 80-80 ਦੌੜਾਂ ਬਣਾਈਆਂ ਸਨ, ਜਦਕਿ ਰਾਜਕੋਟ ‘ਚ ਕੌਲਿਨ ਮੁਨਰੋ ਨੇ ਅਜੇਤੂ 109 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਫੈਸਲਾਕੁੰਨ ਮੈਚ ‘ਚ ਵੀ ਦੋਵਾਂ ਟੀਮਾਂ ਦੇ ਚੋਟੀ ਦੇ ਬੱਲੇਬਾਜ਼ਾਂ ‘ਤੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਦਾ ਦਾਰੋਮਦਾਰ ਰਹੇਗਾ। ਭਾਰਤ ਨੂੰ ਰਾਜਕੋਟ ‘ਚ ਸ਼ਿਖਰ ਤੇ ਰੋਹਿਤ ਦਾ ਇਕ ਹੀ ਓਵਰ ‘ਚ ਆਊਟ ਹੋਣਾ ਭਾਰੀ ਪਿਆ ਸੀ। ਇਨ੍ਹਾਂ ਦੋਵਾਂ ਓਪਨਰਾਂ ਨੂੰ ਤੈਅ ਕਰਨਾ ਪਵੇਗਾ ਕਿ ਉਹ ਫੈਸਲਾਕੁੰਨ ਮੈਚ ‘ਚ ਚੰਗੀਆਂ ਪਾਰੀਆਂ ਖੇਡਣ ਤੇ ਇਨ੍ਹਾਂ ‘ਚੋਂ ਇਕ ਬੱਲੇਬਾਜ਼ ਘੱਟ ਤੋਂ ਘੱਟ 20 ਓਵਰਾਂ ਤਕ ਟਿਕਿਆ ਰਹੇ। ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵੀ ਆਪਣਾ ਜੇਤੂ ਕ੍ਰਮ ਜਾਰੀ ਰੱਖਣ ਲਈ ਫੈਸਲਾਕੁੰਨ ਭੂਮਿਕਾ ਨਿਭਾਉਣੀ ਪਵੇਗੀ। ਐਤਵਾਰ ਨੂੰ 29 ਸਾਲ ਦੇ ਹੋ ਗਏ ਵਿਰਾਟ ਨੂੰ ਸਿਰਫ ਖੁਦ ਨੂੰ ਨਹੀਂ, ਸਗੋਂ ਟੀਮ ਨੂੰ ਵੀ ਜਿੱਤ ਦਾ ਤੋਹਫਾ ਦੇਣਾ ਪਵੇਗਾ।
ਭਾਰਤ ਟੀਮ —
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ, ਸ਼ਿਖਰ ਧਵਨ, ਮਹਿੰਦਰ ਸਿੰਘ ਧੋਨੀ, ਸ਼੍ਰੇਅਸ ਅਈਅਰ, ਦਿਨੇਸ਼ ਕਾਰਤਿਕ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਮੁਹੰਮਦ ਸਿਰਾਜ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ ਤੇ ਲੋਕੇਸ਼ ਰਾਹੁਲ।
ਨਿਊਜ਼ੀਲੈਂਡ ਟੀਮ —
ਕੇਨ ਵਿਲੀਅਮਸਨ (ਕਪਤਾਨ), ਟ੍ਰੇਂਟ ਬੋਲਟ, ਟਾਮ ਬਰੂਸ, ਕੌਲਿਨ ਡੀ ਗ੍ਰੈਂਡਹੋਮ, ਮਾਰਟਿਨ ਗੁਪਟਿਲ, ਮੈਟ ਹੈਨਰੀ, ਟਾਮ ਲਾਥਮ, ਹੈਨਰੀ ਨਿਕੋਲਸ, ਐਡਮ ਮਿਲਨੇ, ਕੌਲਿਨ ਮੁਨਰੋ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਥੀ ਤੇ ਰੋਸ ਟੇਲਰ।