ਅੰਮ੍ਰਿਤਸਰ, 10 ਨਵੰਬਰ
ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਤਕਰੀਬਨ ਇਕ ਕਿਲੋ ਸੋਨਾ ਬਰਾਮਦ ਕੀਤਾ ਹੈ, ਜੋ ਤਸਕਰੀ ਰਾਹੀਂ ਇੱਥੇ ਲਿਆਂਦਾਂ ਗਿਆ ਸੀ। ਮੁਲਜ਼ਮਾਂ ਦੀ ਸ਼ਨਾਖ਼ਤ ਮਨਿੰਦਰਜੀਤ ਸਿੰਘ (32)  ਅਤੇ ਪ੍ਰਭਦੀਪ ਸਿੰਘ (22) ਵਜੋਂ ਹੋਈ ਹੈ, ਜੋ ਦੁਬਈ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਅੰਮ੍ਰਿਤਸਰ ਪੁੱਜੇ ਸਨ।
ਪੱਤਰਕਾਰ ਸੰਮੇਲਨ ਦੌਰਾਨ ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਇਸ ਵਿੱਤੀ ਵਰ੍ਹੇ ਵਿੱਚ ਸੋਨੇ ਦੀ ਤਸਕਰੀ ਦੀ ਹੁਣ ਤੱਕ ਦੀ ਇਹ ਵੱਡੀ ਘਟਨਾ ਹੈ, ਜਿਸ ਤਹਿਤ ਕਸਟਮ ਵਿਭਾਗ ਨੇ ਇਕ ਕਿਲੋ 9 ਗਰਾਮ ਸੋਨਾ ਬਰਾਮਦ ਕੀਤਾ ਹੈ। ਇਸ ਸੋਨੇ ਨੂੰ ਤਾਰਾਂ ਦੇ ਰੂਪ ਵਿੱਚ ਤਿਆਰ ਕਰਕੇ ਉਪਰ ਰਾਸਾਇਣ ਰੋਡੀਅਮ ਦਾ ਲੇਪ ਲਾਇਆ ਹੋਇਆ ਸੀ ਤਾਂ ਜੋ ਇਸ ਨੂੰ ਜਾਂਚ ਦੌਰਾਨ ਐਕਸਰੇਅ ਕਿਰਨਾਂ ਤੋਂ ਬਚਾਇਆ ਜਾ ਸਕੇ। ਫੜੇ ਗਏ ਸੋਨੇ ਦੀ ਕੀਮਤ ਲਗਪਗ 30 ਲੱਖ 27  ਹਜ਼ਾਰ ਰੁਪਏ ਹੈ, ਜਿਸ ਨੂੰ ਕਸਟਮ ਵਿਭਾਗ ਨੇ ਜ਼ਬਤ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿਚ ਗ੍ਰਿਫ਼ਤਾਰ ਇਕ ਵਿਅਕਤੀ ਦਾ ਪਿਤਾ ਹੀ ਇਸ ਤਸਕਰੀ ਦਾ ਫਾਇਨਾਂਸਰ ਲਗ ਰਿਹਾ ਹੈ। ਇਹ ਵਿਅਕਤੀ ਵੀ ਅੰਮ੍ਰਿਤਸਰ ਵਾਸੀ ਹੈ। ਪੁਲੀਸ ਨੇ ਉਸ ਦੇ ਘਰ ਦੀ ਤਲਾਸ਼ੀ ਲਈ ਤਾਂ ਉੱਥੋਂ ਇਤਰਾਜ਼ਯੋਗ ਦਸਤਾਵੇਜ਼ ਤੇ ਸਾਮਾਨ ਮਿਲਿਆ ਹੈ। ਇਹ ਵਿਅਕਤੀ ਫਿਲਹਾਲ ਫਰਾਰ ਹੈ।