ਅੰਮ੍ਰਿਤਸਰ, 22 ਨਵੰਬਰ
‘ਆਪ’ ਆਗੂ ਸੁਖਪਾਲ ਸਿੰਘ ਖਹਿਰਾ ’ਤੇ ਲੱਗ ਰਹੇ ਦੋਸ਼ ਪਾਰਟੀ ਲਈ ਨਗਰ ਨਿਗਮ ਚੋਣਾਂ ਦੌਰਾਨ ਸੰਕਟ ਪੈਦਾ ਕਰ ਸਕਦੇ ਹਨ। ਇੱਥੇ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਬੇਨਾਮੀ ਪੋਸਟਰ ਲਾਏ ਗਏ ਹਨ, ਜਿਸ ਵਿੱਚ ‘ਆਪ’ ਆਗੂ ਦੇ ਮਾਮਲੇ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਚੁੱਪ ’ਤੇ ਸਵਾਲ ਕੀਤਾ ਗਿਆ ਹੈ। ਅਜਿਹੇ ਹੋਰਡਿੰਗ ਇੱਥੇ ਲਾਰੈਂਸ ਰੋਡ ਅਤੇ ਮਜੀਠਾ ਰੋਡ ਆਦਿ ਇਲਾਕਿਆਂ ਵਿੱਚ ਲਾਏ ਗਏ ਹਨ। ਇਨ੍ਹਾਂ ਪੋਸਟਰਾਂ ’ਤੇ ਲਿਖਿਆ ਹੈ, ‘‘ਇਕ ਵਾਰ ਨਹੀਂ ਹਜ਼ਾਰ ਵਾਰ ਕਹਾਂਗਾ… ਸੁਖਪਾਲ ਖਹਿਰਾ ਨਸ਼ੇ ਦਾ ਵਪਾਰੀ ਹੈ-ਆਮ ਆਦਮੀ।’’ ਇਨ੍ਹਾਂ ਹੋਰਡਿੰਗਾਂ ਰਾਹੀਂ ਅਰਵਿੰਦ ਕੇਜਰੀਵਾਲ ’ਤੇ ਵੀ ਨਿਸ਼ਾਨਾ ਸੇਧਿਆ ਗਿਆ ਹੈ। ਇਸ ਸਬੰਧੀ ‘ਆਪ’ ਦੇ ਸੂਬਾਈ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਆਖਿਆ ਕਿ ਹੋਰਡਿੰਗਜ਼ ਵਿੱਚ ਵਰਤੀ ਸ਼ਬਦਾਵਲੀ ਤੋਂ ਅਕਾਲੀਆਂ ਦਾ ਹੱਥ ਹੋਣ ਦਾ ਪਤਾ ਲੱਗਦਾ ਹੈ। ਉਨ੍ਹਾਂ ਆਖਿਆ ਕਿ ਆਗਾਮੀ ਨਿਗਮ ਚੋਣਾਂ ਵਿੱਚ ‘ਆਪ’ ਮੁੜ ਉਭਰੇਗੀ, ਇਸ ਲਈ ਪਾਰਟੀ ਨੂੰ ਦਬਾਉਣ ਵਾਸਤੇ ਇਹ ਢੰਗ-ਤਰੀਕਾ ਵਰਤਿਆ ਜਾ ਰਿਹਾ ਹੈ। ਉਧਰ, ਨਗਰ ਨਿਗਮ ਦੇ ਇਸ਼ਤਿਹਾਰ ਵਿੰਗ ਦੇ ਸੁਪਰਡੈਂਟ ਸ਼ੇਰ ਸਿੰਘ ਨੇ ਅਜਿਹੇ ਹੋਰਡਿੰਗਜ਼ ਸਬੰਧੀ ਅਣਜਾਣਤਾ ਪ੍ਰਗਟਾਈ। ਉਨ੍ਹਾਂ ਆਖਿਆ ਕਿ ਇਹ ਹੋਰਡਿੰਗ ਬਿਨਾਂ ਕਿਸੇ ਅਦਾਇਗੀ ਦੇ ਲਾਏ ਗਏ ਹਨ, ਅਜਿਹਾ ਕੰਮ ਕਿਸੇ ਪ੍ਰਾਈਵੇਟ ਠੇਕੇਦਾਰ ਰਾਹੀਂ ਕਰਾਇਆ ਹੋ ਸਕਦਾ ਹੈ।