ਨਵੀਂ ਦਿੱਲੀ, ਅੰਡਰ-17 ਫੀਫਾ ਵਿਸ਼ਵ ਕੱਪ ਗਰੁੱਪ ‘ਏ’ ਦੇ ਆਖ਼ਰੀ ਮੈਚ ਵਿੱਚ ਅੱਜ ਇਥੇ ਭਾਰਤ ਨੂੰ ਘਾਨਾ ਨੇ 4-0 ਗੋਲਾਂ ਨਾਲ ਬੁਰੀ ਤਰ੍ਹਾਂ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਇਸ ਮੁਕਾਬਲੇ ਤੋਂ ਬਾਹਰ ਹੋ ਗਿਆ ਤੇ 16 ਟੀਮਾਂ ਦੇ ਅਗਲੇ ਗੇੜ ਵਿੱਚ ਨਹੀਂ ਪੁੱਜ ਸਕਿਆ। ਹੋਰ ਮੈਚਾਂ ਵਿੱਚ ਮਾਲੀ, ਪੈਰਾਗੁਏ ਤੇ ਕੋਲੰਬੀਆ ਨੇ ਵੀ ਜਿੱਤਾਂ ਦਰਜ ਕੀਤੀਆਂ।
ਘਾਨਾ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਭਾਰਤੀਆਂ ਨੂੰ ਖੇਡ ਦੇ ਹਰ ਖੇਤਰ ਵਿੱਚ ਪਛਾੜ ਦਿੱਤਾ। ਜੇਤੂ ਟੀਮ ਲਈ ਕਪਤਾਨ ਐਰਿਕ ਅਈਆ ਨੇ 43ਵੇਂ ਤੇ 52ਵੇਂ ਮਿੰਟਾਂ ’ਚ ਦੋ, ਜਦੋਂਕਿ ਰਿਚਰਡ ਡੈਂਸੋ ਤੇ ਇਮਾਨੂਅਲ ਟੋਕੂ ਲੇ 86ਵੇਂ ਤੇ 87ਵੇਂ ਮਿੰਟ ’ਚ ਇਕ-ਇਕ ਗੋਲ ਦਾਗ਼ਿਆ।
ਇਸੇ ਗਰੁੱਪ ਦੇ ਮੁੰਬਈ ਵਿੱਚ ਖੇਡੇ ਗਏ ਇਕ ਮੈਚ ਦੌਰਾਨ ਕੋਲੰਬੀਆ ਨੇ ਅਮਰੀਕਾ ਨੂੰ 3-1 ਗੋਲਾਂ ਨਾਲ ਹਰਾ ਦਿੱਤਾ। ਅੱਜ ਦੀਆਂ ਜਿੱਤਾਂ ਨਾਂਲ ਦੋਵੇਂ ਘਾਨਾ ਤੇ ਕੋਲੰਬੀਆ ਗਰੁੱਪ ਵਿੱਚੋਂ ਪਹਿਲੇ ਤੇ ਦੂਜੇ ਨੰਬਰ ’ਤੇ ਰਹਿਣ ਸਦਕਾ ਅਗਲੇ ਗੇੜ ਲਈ ਕੁਆਲੀਫਾਈ ਕਰ ਗਏ।
ਇਸੇ ਦੌਰਾਨ ਪਿਛਲੀ ਵਾਰ ਦੇ ਉੱਪ ਜੇਤੂ ਮਾਲੀ ਨੇ ਫਿਰ ਤੋਂ ਆਪਣੇ ਹੁਨਰ ਦਾ ਸਬੂਤ ਦਿੰਦਿਆਂ ਅੱਜ ਇੱਥੇ ਨਿਊਜ਼ੀਲੈਂਡ ਨੂੰ 3-1 ਨਾਲ ਹਰਾ ਕੇ ਫੀਫਾ ਅੰਡਰ-17 ਵਿਸ਼ਵ ਕੱਪ ਦੇ ਪ੍ਰੀ-ਕੁਆਰਟਰ ਫਾਈਨਲ ’ਚ ਥਾਂ ਬਣਾ ਲਈ ਹੈ।
ਮਾਲੀ ਵੱਲੋਂ ਸਲਾਮ ਜਿਦੋਉ (18ਵੇਂ ਮਿੰਟ), ਜਿਮੁਸਾ ਤ੍ਰਾਓਰੇ (50ਵੇਂ ਮਿੰਟ) ਤੇ ਲਸਾਨਾ ਐਨਡਿਆਏ (82ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਨਿਊਜ਼ੀਲੈਂਡ ਵੱਲੋਂ ਇੱਕਲੌਤਾ ਗੋਲ ਬਦਲਵੇਂ ਖਿਡਾਰੀਆਂ ਚਾਰਲਸ ਸਪ੍ਰਾਗ (72ਵੇਂ ਮਿੰਟ) ਨੇ ਕੀਤਾ। ਪੈਰਾਗੁਏ ਤੋਂ ਪਹਿਲਾ ਮੈਚ ਗੁਆਉਣ ਮਗਰੋਂ ਮਾਲੀ ਦੀ ਇਹ ਲਗਾਤਾਰ ਦੂਜੀ ਜਿੱਤ ਹੈ, ਜਿਸ ਨਾਲ ਉਸ ਨੇ ਛੇ ਅੰਕਾਂ ਨਾਲ ਪੈਰਾਗੁਏ (ਨੌਂ ਅੰਕ) ਤੋਂ ਗਰੁੱਪ ਬੀ ’ਚ ਦੂਜੇ ਸਥਾਨ ’ਤੇ ਰਹਿ ਕੇ ਆਖਰੀ 16 ’ਚ ਥਾਂ ਬਣਾਈ।
ਉਧਰ ਪੈਰਾਗੁਏ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਫੀਫਾ ਅੰਡਰ-17 ਵਿਸ਼ਵ ਕੱਪ ਦੇ ਗਰੁੱਪ ਬੀ ਦੇ ਮੈਚ ’ਚ ਤੁਰਕੀ ਨੂੰ 3-1 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਉਹ ਦੱਖਣੀ ਅਮਰੀਕੀ ਟੀਮ ਪੂਲ ’ਚ ਨੌਂ ਅੰਕਾਂ ਨਾਲ ਸਿਖਰ ’ਤੇ ਰਿਹਾ।
ਇਸ ਤੋਂ ਪਹਿਲਾਂ ਪੈਰਾਗੁਏ ਨੇ ਖਿਤਾਬ ਦੇ ਦਾਅਵੇਦਾਰਾਂ ’ਚ ਸ਼ਾਮਲ ਮਾਲੀ ਨੂੰ 3-2 ਜਦਕਿ ਨਿਊਜ਼ੀਲੈਂਡ ਨੂੰ 4-2 ਨਾਲ ਹਰਾਇਆ ਸੀ। ਪੈਰਾਗੁਏ ਵੱਲੋਂ ਜਿਓਵਾਨੀ ਬੋਗਾਦੋ (41ਵੇਂ ਮਿੰਟ) ਤੇ ਫਰਨਾਂਡੋ ਕਾਰਡੋਜੋ (43ਵੇਂ ਮਿੰਟ) ਨੇ ਪਹਿਲੇ ਹਾਫ ’ਚ ਜਦਕਿ ਐਂਟੋਨੀਓ ਗੇਲਿਨੋ (61ਵੇਂ ਮਿੰਟ) ਨੇ ਦੂਜੇ ਹਾਫ ’ਚ ਗੋਲ ਕੀਤਾ। ਤੁਰਕੀ ਵੱਲੋਂ ਮੈਚ ਦਾ ਇੱਕਲੌਤਾ ਗੋਲ ਦੂਜੇ ਹਾਫ ਦੇ ਇੰਜਰੀ ਟਾਈਮ ’ਚ ਕੇਰੇਮ ਕੇਸਗਿਨ ਨੇ ਕੀਤਾ। ਪੈਰਾਗੁਏ ਨੇ ਮੈਚ ਦੇ ਦੂਜੇ ਮਿੰਟ ’ਚ ਹੀ ਪੈਨਲਟੀ ਮਿਲੀ ਜਿਸ ਨੂੰ ਐਨੀਮਲ ਵੇਗਾ ਗੋਲ ’ਚ ਤਬਦੀਲ ਕਰਨ ’ਚ ਨਾਕਾਮ ਰਿਹਾ।