ਆਨੰਦਪੁਰ ਸਾਹਿਬ ,
ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ, ‘‘ਅੱਜ ਜਿਹੜੇ ਲੋਕ ਦੇਸ਼ ਦੇ ਟੋਟੇ ਕਰਨ ਦੀਆਂ ਗੱਲਾਂ ਕਰ ਰਹੇ ਹਨ, ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਗੁਰੂਆਂ ਦੇ ਸਮੇਂ ਤਾਨਾਸ਼ਾਹੀ ਖ਼ਿਲਾਫ਼ ਖੜ੍ਹੇ ਹੋਣ ਦੀ ਗੱਲ ਹੋਵੇ ਜਾਂ ਫਿਰ ਆਜ਼ਾਦੀ ਦਾ ਘੋਲ ਹੋਵੇ ਜਾਂ 1962, 1971 ਤੇ 1998 ਦੀ ਜੰਗ ਹੋਵੇ, ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਹੀ ਦਿੱਤੀਆਂ ਹਨ। ਇਸ ਲਈ ਅਸੀਂ ਦੇਸ਼ ਨੂੰ ਵੰਡਣ ਵਾਲਿਆਂ ਦੇ ਹੱਕ ਵਿੱਚ ਨਹੀਂ।’’ ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਖ਼ਾਲਿਸਤਾਨ ਪੱਖੀ ਨਾਅਰੇ ਲਾਉਣ ਦੀ ਗੱਲ ਹੈ, ਇਹ ਨਾਅਰੇ ਲਾਉਣ ਲਈ ਤਾਂ ਅਦਾਲਤ ਨੇ ਵੀ ਰੋਕ ਨਹੀਂ ਲਾਈ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਇਹ ਸੰਭਵ ਨਹੀਂ ਹੈ ਕਿ ਬਿਨਾਂ ਸਿਆਸੀ ਆਕਾ ਦੇ ਹੁਕਮ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਈ ਬਿਆਨ ਜਾਰੀ ਕਰਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਾ ਪ੍ਰੋ. ਬਡੂੰਗਰ ਦੇ ਬਿਆਨ ਦਾ ਖੰਡਨ ਕੀਤਾ ਤੇ ਨਾ ਸਵਾਗਤ ਕੀਤਾ ਹੈ, ਇਸ ਤੋਂ ਹੀ ਸਾਰੀ ਸਥਿਤੀ ਸਪਸ਼ਟ ਹੈ।