ਗੁਰਦਾਸਪੁਰ, ਸਾਬਕਾ ਅਕਾਲੀ ਮੰਤਰੀ ਤੇ ਸ਼ੋ੍ਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਇੱਕ ਦਿਨ ਦਾ ਰਿਮਾਂਡ ਖ਼ਤਮ ਹੋਣ ’ਤੇ ਮੰਗਲਵਾਰ ਦੁਪਹਿਰ ਬਾਅਦ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਮੋਹਿਤ ਬਾਂਸਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਅਦਾਲਤ ਨੇ ਲੰਗਾਹ ਦੇ ਪੁਲੀਸ ਰਿਮਾਂਡ ਵਿੱਚ ਤਿੰਨ ਦਿਨ ਦਾ ਵਾਧਾ ਕਰ ਦਿੱਤਾ ਹੈ। ਪੁਲੀਸ ਨੇ ਲੰਗਾਹ ਦੇ ਸੱਤ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ। ਪੁਲੀਸ ਦਾ ਕਹਿਣਾ ਹੈ ਕਿ ਅਜੇ ਜਾਂਚ ਅਧੂਰੀ ਹੈ। ਗੌਰਤਲਬ ਹੈ ਕਿ ਲੰਗਾਹ ਦੇ ਖਿਲਾਫ਼ 29 ਸਤੰਬਰ ਨੂੰ ਪੁਲੀਸ ਵਿੱਚ ਤਾਇਨਾਤ ਇੱਕ ਵਿਧਵਾ ਔਰਤ ਨਾਲ ਜਬਰ-ਜਨਾਹ ਅਤੇ ਧੋਖਾਧੜੀ ਕਰਨ ਦਾ ਕੇਸ ਦਰਜ ਹੈ। ਇਸ ਦੌਰਾਨ ਹੀ ਬੀਤੇ ਦਿਨ ਅਦਾਲਤ ਵਿੱਚ ਪੇਸ਼ੀ ਦੌਰਾਨ ਹਮਾਇਤੀਆਂ ਵੱਲੋਂ ਲੰਗਾਹ ਦੇ ਹੱਕ ਵਿੱਚ ਕੀਤੀ ਨਾਅਰੇਬਾਜ਼ੀ ਦੀ ਸਖ਼ਤ ਨਿਖੇਧੀ ਕਰਦਿਆਂ ਸਿੱਖ ਨੁਮਾਇੰਦਿਆਂ ਨੇ ਮੰਗ ਕੀਤੀ ਹੈ ਕਿ ਅਜਿਹਾ ਕਰਨ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਉੱਤੇ ਤਲਬ ਕੀਤਾ ਜਾਣਾ ਚਾਹੀਦਾ ਹੈ। ਇਹ ਜ਼ਿਕਰਯੋਗ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਮੌਕੇ ਸੁੱਚਾ ਸਿੰਘ ਲੰਗਾਹ ਦੀ ਇੱਕ ਬਲਿਊ ਫਿਲਮ ਵਾਿੲਰਲ ਹੋਣ ਕਾਰਨ ਇਹ ਮਾਮਲਾ ਸੂਬੇ ਵਿੱਚ ਬੇਹੱਦ ਚਰਚਾ ਦਾ ਵਿਸ਼ਾ ਬਣਿਆ ਰਿਹਾ।