(ਗੁਰੂ ਕੀ ਢਾਬ) ਜੈਤੋ,  ਗੁਰੂ ਕੀ ਢਾਬ ਵਿੱਚ ਹੋਈ ਅਕਾਲੀ ਦਲ ਦੀ ਕਾਨਫਰੰਸ ’ਚੋਂ ਬਾਦਲ ਪਰਿਵਾਰ ਗਾਇਬ ਰਿਹਾ। ਸਾਲਾਨਾ ਮੇਲੇ ਵਿੱਚ ਉਨ੍ਹਾਂ ਦੀ ਇਹ ਲਗਾਤਾਰ ਤੀਜੀ ਗੈਰਹਾਜ਼ਰੀ ਸੀ। ਪ੍ਰਬੰਧਕ ਮਹੀਨੇ ਤੋਂ ਦੋਵਾਂ ਬਾਦਲਾਂ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਅਤੇ ਭਾਜਪਾ ਲੀਡਰਸ਼ਿਪ ਦੇ ਆਉਣ ਬਾਰੇ ਪ੍ਰਚਾਰ ਕਰ ਰਹੇ ਸਨ ਪਰ ਇਨ੍ਹਾਂ ਪ੍ਰਮੁੱਖ ਹਸਤੀਆਂ ‘ਚੋਂ ਕਿਸੇ ਨੇ ਵੀ ਅੱਜ ਕਾਨਫਰੰਸ ਵਿੱਚ ਸ਼ਿਰਕਤ ਨਹੀਂ ਕੀਤੀ। ਭਾਜਪਾ ਆਗੂਆਂ ਨੇ ਵੀ ਭਾਈਵਾਲਾਂ ਦੇ ਇਕੱਠ ਤੋਂ ਟਾਲਾ ਵੱਟੀ ਰੱਖਿਆ। ਇਕੱਠ ਪੱਖੋਂ ਵੀ ਕਾਨਫਰੰਸ ਬੇਰੰਗ ਅਤੇ ਫਿੱਕੀ ਰਹੀ। ਸੀਨੀਅਰ ਲੀਡਰਸ਼ਿਪ ਦੀ ਖਾਨਾਪੂਰਤੀ ਲਈ ਪਾਰਟੀ ਦੇ ਹੇਠਲੇ ਆਗੂਆਂ ਨੇ ਹਾਜ਼ਰੀ ਲੁਆ ਕੇ ਖਲਾਅ ਭਰਨ ਦੀ ਕੋਸ਼ਿਸ਼ ਕੀਤੀ। ਅੰਦਰੂਨੀ ਨਾਰਾਜ਼ਗੀ ਕਾਰਨ ਪਿਛਲੇ ਸਾਲ ਕਾਨਫਰੰਸ ’ਚੋਂ ਨਦਾਰਦ ਰਹੇ ਸੂਬਾ ਸਿੰਘ ਬਾਦਲ ਦੀ ਇਸ ਵਾਰ ਸਰਦਾਰੀ ਰਹੀ। ਵਿਧਾਨ ਸਭਾ ਚੋਣ ਮੌਕੇ ਟਿਕਟ ਪ੍ਰਾਪਤੀ ਪਿੱਛੋਂ ਰਾਜ਼ੀ ਹੋਏ ਸੂਬਾ ਸਿੰਘ ਨੇ ਕਾਨਫਰੰਸ ਦੇ ਪ੍ਰਬੰਧ ਸੰਭਾਲੇ ਹੋਏ ਸਨ।
ਸਾਬਕਾ ਮੰਤਰੀ ਤੋਤਾ ਸਿੰਘ ਨੇ ਕੈਪਟਨ ਸਰਕਾਰ ’ਤੇ ਲੋਕਾਂ ਨੂੰ ਭਰਮਾ ਕੇ ਸੱਤਾ ਹਥਿਆਉਣ ਦਾ ਦੋਸ਼ ਲਾਇਆ। ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਫਰੇਬ ਨਾਲ ਸੱਤਾ ਵਿੱਚ ਆਈ ਹਕੂਮਤ ਦਾ ਚਿਹਰਾ ਦਿਨੋਂ-ਦਿਨ ਬੇਪਰਦ ਹੋ ਰਿਹਾ ਹੈ। ਇਸ ਮੌਕੇ ਪਰਮਬੰਸ ਸਿੰਘ ਰੋਮਾਣਾ, ਮਨਤਾਰ ਸਿੰਘ ਬਰਾੜ ਤੇ ਸੂਬਾ ਸਿੰਘ ਬਾਦਲ ਨੇ ਵੀ ਵਿਚਾਰ ਰੱਖੇ। ਇਸ ਦੌਰਾਨ ਮੰਚ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ, ਗੁਰਿੰਦਰ ਕੌਰ ਭੋਲੂਵਾਲਾ, ਨਾਜਰ ਸਿੰਘ ਸਰਾਵਾਂ, ਅਮਰਜੀਤ ਕੌਰ ਪੰਜਗਰਾਈਂ, ਤਰਲੋਚਨ ਸਿੰਘ ਦੁੱਲਟ, ਲਾਲੀ ਬਾਦਲ ਤੇ ਪਾਲੀ ਬਾਦਲ ਸਮੇਤ ਕਈ ਮੁਕਾਮੀ ਆਗੂ ਮੰਚ ’ਤੇ ਮੌਜੂਦ ਸਨ।