ਬਠਿੰਡਾ, ਕੈਪਟਨ ਸਰਕਾਰ ਨੇ ਸੜਕੀ ਆਵਾਜਾਈ ਰੋਕਣ ਦੇ ਦੋਸ਼ ਹੇਠ ਮਾਲਵਾ ਖ਼ਿੱਤੇ ਦੇ ਕਰੀਬ 1350 ਅਕਾਲੀ ਲੀਡਰਾਂ ਤੇ ਵਰਕਰਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤੇ ਹਨ। ਪੰਜਾਬ ਪੁਲੀਸ ਨੇ ਮਾਲਵੇ ਦੇ ਦਸ ਜ਼ਿਲ੍ਹਿਆਂ ’ਚ 16 ਪੁਲੀਸ ਕੇਸ ਦਰਜ ਕਰਕੇ 217 ਵੱਡੇ ਅਕਾਲੀ ਲੀਡਰਾਂ ਅਤੇ 1137 ਅਣਪਛਾਤੇ ਵਰਕਰਾਂ ਨੂੰ ਆਈਪੀਸੀ ਦੀ ਧਾਰਾ 431, 341, 283 ਤੇ 8 ਬੀ ਨੈਸ਼ਨਲ ਹਾਈਵੇ ਐਕਟ ਤਹਿਤ ਨਾਮਜ਼ਦ ਕੀਤਾ ਹੈ। ਇਨ੍ਹਾਂ ਪੁਲੀਸ ਕੇਸਾਂ ’ਚ ਨਾਮਜ਼ਦ ਆਗੂਆਂ ’ਚ ਦੋ ਸੰਸਦ ਮੈਂਬਰ, ਚਾਰ ਸਾਬਕਾ ਵਜ਼ੀਰ, ਇੱਕ ਸਾਬਕਾ ਉਪ ਮੁੱਖ ਮੰਤਰੀ, ਇੱਕ ਵਿਧਾਇਕ ਤੇ ਸੱਤ ਸਾਬਕਾ ਵਿਧਾਇਕ, ਚਾਰ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਦਸ ਸ਼੍ਰੋਮਣੀ ਕਮੇਟੀ ਮੈਂਬਰ ਸ਼ਾਮਲ ਹਨ।
ਪ੍ਰਾਪਤ ਵੇਰਵਿਆਂ ਅਨੁਸਾਰ ਪੁਲੀਸ ਨੇ ਸੁਖਬੀਰ ਬਾਦਲ, ਬਿਕਰਮ ਮਜੀਠੀਆ ਤੋਂ ਇਲਾਵਾ ਜਥੇਦਾਰ ਤੋਤਾ ਸਿੰਘ, ਸਿਕੰਦਰ ਸਿੰਘ ਮਲੂਕਾ (ਸਾਬਕਾ ਵਜ਼ੀਰ), ਵਿਧਾਇਕ ਰੋਜ਼ੀ ਬਰਕੰਦੀ, ਮਨਤਾਰ ਬਰਾੜ, ਸਰੂਪ ਚੰਦ ਸਿੰਗਲਾ, ਜਗਦੀਪ ਨਕਈ, ਬਾਬੂ ਪ੍ਰਕਾਸ਼ ਚੰਦ (ਸਾਬਕਾ ਮੁੱਖ ਸੰਸਦੀ ਸਕੱਤਰ), ਬਲਵਿੰਦਰ ਸਿੰਘ ਭੂੰਦੜ ਤੇ ਰਣਜੀਤ ਸਿੰਘ ਬ੍ਰਹਮਪੁਰਾ (ਸੰਸਦ ਮੈਂਬਰ), ਹਰੀ ਸਿੰਘ ਜ਼ੀਰਾ, ਜੋਗਿੰਦਰ ਸਿੰਘ ਜਿੰਦੂ, ਜਗਮੀਤ ਸਿੰਘ ਸੰਧੂ, ਹਰਪ੍ਰੀਤ ਕੋਟਭਾਈ, ਸੁਖਵਿੰਦਰ ਔਲਖ, ਇਕਬਾਲ ਸਿੰਘ, ਜੀਤਮਹਿੰਦਰ ਸਿੱਧੂ (ਸਾਬਕਾ ਵਿਧਾਇਕ), ਗੁਰਤੇਜ ਸਿੰਘ ਢੱਡੇ, ਮੇਜਰ ਸਿੰਘ ਢਿੱਲੋਂ, ਸੁਰਜੀਤ ਸਿੰਘ ਰਾਏਪੁਰ, ਗੁਰਪ੍ਰੀਤ ਝੱਬਰ, ਸ਼ੇਰ ਸਿੰਘ ਮੰਡ, ਅਮਰੀਕ ਸਿੰਘ ਕੋਟਸ਼ਮੀਰ, ਹਰਦੇਵ ਸਿੰਘ, ਜ਼ਿਲ੍ਹਾ ਮੋਗਾ ਦੇ ਤਿੰਨ ਮੈਂਬਰਾਂ (ਸ਼੍ਰੋਮਣੀ ਕਮੇਟੀ ਮੈਂਬਰ) ’ਤੇ ਕੇਸ ਦਰਜ ਕੀਤੇ ਹਨ। ਇਸੇ ਤਰ੍ਹਾਂ ਸਾਬਕਾ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ, ਸਾਬਕਾ ਚੇਅਰਮੈਨ ਤੇਜਿੰਦਰ ਮਿੱਡੂਖੇੜਾ, ਬਲਜਿੰਦਰ ਸਿੰਘ ਬਰਾੜ ਮੋਗਾ, ਬੰਟੀ ਰੋਮਾਣਾ, ਰਵੀਕਿਰਨ ਸਿੰਘ ਕਾਹਲੋਂ ਆਦਿ ’ਤੇ ਵੀ ਕੇਸ ਦਰਜ ਕੀਤੇ ਹਨ। ਹਾਲਾਂਕਿ ਪੁਲੀਸ ਨੇ ਭਾਜਪਾ ਆਗੂਆਂ ਨਾਲ ਨਰਮੀ ਦਿਖਾਈ ਹੈ। ਜ਼ਿਲ੍ਹਾ ਮੁਕਤਸਰ, ਫਾਜ਼ਿਲਕਾ, ਫਰੀਦਕੋਟ ਤੇ ਪਟਿਆਲਾ ਵਿੱਚ ਕਿਤੇ ਵੀ ਧਰਨਾ ਨਹੀਂ ਲੱਗਾ ਸੀ। ਜ਼ਿਲ੍ਹਾ ਸੰਗਰੂਰ ਵਿੱਚ ਛੇ ਪੁਲੀਸ ਕੇਸ ਦਰਜ ਕੀਤੇਗਏ ਹਨ ਜਿਨ੍ਹਾਂ ’ਚ 84 ਅਕਾਲੀ ਲੀਡਰਾਂ ਅਤੇ 250 ਅਣਪਛਾਤੇ ਵਰਕਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਜ਼ਿਲ੍ਹਾ ਬਰਨਾਲਾ ’ਚ ਦਰਜ ਹੋਏ ਦੋ ਪੁਲੀਸ ਕੇਸਾਂ ਵਿੱਚ 25 ਅਕਾਲੀ ਲੀਡਰਾਂ ਤੋਂ ਇਲਾਵਾ 70 ਅਣਪਛਾਤੇ ਵਰਕਰ ਸ਼ਾਮਲ ਹਨ। ਮਾਨਸਾ ਜ਼ਿਲ੍ਹੇ ਦੇ ਥਾਣਾ ਭੀਖੀ ਵਿਚ 80 ਅਣਪਛਾਤੇ ਵਰਕਰਾਂ ਸਮੇਤ 98 ਜਣਿਆਂ ’ਤੇ ਕੇਸ ਦਰਜ ਹੋਏ ਹਨ। ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਥਾਣੇ ਵਿੱਚ 10 ਪ੍ਰਮੁੱਖ ਲੀਡਰਾਂ ਸਮੇਤ 150 ਅਣਪਛਾਤੇ ਵਿਅਕਤੀਆਂ ’ਤੇ ਕੇਸ ਦਰਜ ਕੀਤੇ ਗਏ ਹਨ। ਸਭ ਤੋਂ ਵੱਡਾ ਕੇਸ ਥਾਣਾ ਮੱਖੂ ਵਿੱਚ ਦਰਜ ਹੈ ਜਿਸ ਵਿੱਚ 49 ਅਕਾਲੀ ਆਗੂ ਤੇ 200 ਅਣਪਛਾਤੇ ਵਰਕਰ ਸ਼ਾਮਿਲ ਹਨ।ਬਠਿੰਡਾ ਜ਼ਿਲ੍ਹੇ ਵਿੱਚ ਪੰਜ ਪੁਲੀਸ ਕੇਸ ਦਰਜ ਹੋਏ ਹਨ, ਜਿਨ੍ਹਾਂ ਵਿੱਚ ਉਕਤ ਆਗੂਆਂ ਤੋਂ ਬਿਨਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੱਸੀ ਪੌ ਵਾਲੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਨੀਲ ਬਿੱਟਾ, ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਹਰਿੰਦਰ ਹਿੰਦਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੀਪ ਸਿੰਘ ਕੋਟਸ਼ਮੀਰ, ਸਾਬਕਾ ਚੇਅਰਮੈਨ ਤੇਜਾ ਸਿੰਘ ਗਹਿਰੀ ਭਾਗੀ, ਬਠਿੰਡਾ ਦੇ ਨਗਰ ਕੌਂਸਲਰ ਨਿਰਮਲ ਸੰਧੂ, ਮਾਸਟਰ ਹਰਮਿੰਦਰ ਸਿੰਘ, ਸੁਖਜਿੰਦਰ ਸਿੰਘ, ਡਾ. ਨਿਸ਼ਾਨ ਸਿੰਘ, ਤੀਰਥ ਸਿੰਘ ਮਾਹਲਾ, ਭਾਜਪਾ ਆਗੂ ਮੱਖਣ ਰਾਮਪੁਰਾ, ਮਹੇਸ਼ਇੰਦਰ ਗਰੇਵਾਲ ਆਦਿ ਸ਼ਾਮਲ ਹਨ।