ਕੇਪਟਾਊਨ, ਵਰਨੌਨ ਫਿਲੈਂਡਰ ਦੀ ਅਗਵਾਈ ਵਾਲੇ ਤੇਜ ਗੇਂਦਬਾਜ਼ੀ ਹਮਲੇ ਨੇ ਭਾਰਤੀ ਬੱਲੇਬਾਜ਼ਾਂ ਨੂੰ ਬੇਵਸ ਕਰਦਿਆਂ ਪਹਿਲ ਟੈਸਟ ਦੇ ਚੌਥੇ ਦਿਨ ਭਾਰਤ ਨੂੰ 72 ਦੌੜਾਂ ਨਾਲ ਹਰਾ ਕੇ ਮੈਚ ਜਿੱਤ ਲਿਆ। ਵਰਨੌਨ ਫਿਲੈਂਡਰ (6 ਵਿਕਟਾਂ) ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ। ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਦੂਜੀ ਪਾਰੀ ਵਿੱਚ ਵੀ ਮਾੜਾ ਰਿਹਾ। ਭਾਰਤੀ ਗੇਂਦਬਾਜ਼ਾਂ        ਟੀਮ ਲਈ ਜਿੱਤ ਦਾ ਮੰਚ ਸਜਾਇਆ ਪਰ ਬੱਲੇਬਾਜ਼ ਆਸਾਂ ਉੱਤੇ ਖਰੇ ਨਹੀ ਉੱਤਰੇ।
ਦੱਖਣੀ ਅਫਰੀਕਾ ਨੇ ਭਾਰਤ ਦੇ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਲੰਚ ਤੋਂ ਪਹਿਲਾਂ ਦੂਜੀ ਪਾਰੀ ਵਿੱਚ 130 ਦੌੜਾਂ ਬਣਾ ਕੇ ਭਾਰਤ ਨੂੰ 208 ਦੌੜਾਂ ਦਾ ਟੀਚਾ ਦਿੱਤਾ। ਦੱਖਣੀ ਅਫਰੀਕਾ ਵੱਲੋਂ ਏਬੀ ਡਿਵੀਲੀਅਰਜ਼   ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਭਾਰਤ ਦੀ ਤਰਫੋਂ ਜਸਪ੍ਰੀਤ ਬਮਰਾ   ਅਤੇ ਮੁਹੰਮਦ ਸ਼ਮੀ ਨੇ ਤਿੰਨ ਤਿੰਨ ਵਿਕਟਾਂ ਜਦੋਂ ਕਿ ਭੁਵਨੇਸ਼ਵਰ      ਕੁਮਾਰ ਅਤੇ ਆਰਦਿਕ ਪੰਡਯ ਨੇ 2-2 ਵਿਕਟਾਂ ਝਟਕਾਈਆਂ।
ਭਾਰਤ ਦੇ ਸਾਹਮਣੇ 208 ਦੌੜਾਂ ਦਾ ਟੀਚਾ ਸੀ ਪਰ ਪੂਰੀ ਟੀਮ 42.4 ਓਵਰਾਂ ਵਿੱਚ 135 ਦੌੜਾਂ ਉੱਤੇ ਢੇਰ ਹੋ ਗਈ। ਫਲੈਂਡਰ ਨੇ ਆਪਣੇ ਖੇਡ ਜੀਵਨ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 46 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ। ਭਾਰਤ ਦੇ ਵੱਲੋਂ ਆਰ ਅਸ਼ਵਿਨ ਸਭ ਤੋਂ ਵੱਧ 37 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ।
ਭਾਰਤ ਦੇ ਚੋਟੀ ਦੇ ਬੱਲੇਬਾਜ਼ਾਂ ਦੇ ਦੂਜੀ ਪਾਰੀ ਵਿੱਚ ਲਗਾਤਾਰ ਮਾੜੇ ਪ੍ਰਦਰਸ਼ਨ ਕਾਰਨ ਭਾਰਤ ਪਹਿਲੇ ਕਿ੍ਕਟ ਟੈਸਟ ਮੈਚ ਦੇ ਚੌਥੇ ਦਿਨ ਅੱਜ ਇੱਥੇ ਚਾਹ ਦੇ ਆਰਾਮ ਦੌਰਾਨ ਸੱਤ ਵਿਕਟਾਂ ਉੱਤੇ 82 ਦੌੜਾਂ ਬਣਾ ਕੇ ਸੰਘਰਸ਼ ਕਰ ਰਿਹਾ ਸੀ। ਭਾਰਤ ਦੇ ਸਾਹਮਣੇ 208 ਦੌੜਾਂ ਦਾ ਟੀਚਾ ਸੀ ਤੇ ਭਾਰਤ ਇਸ ਤੋਂ 26 ਦੌੜਾਂ ਪਿੱਛੇ ਸੀ। ਸਾਰੇ ਨਾਮੀ ਬੱਲੇਬਾਜ਼ ਪਵੈਲੀਅਨ ਪਰਤ ਚੁੱਕੇ ਸਨ। ਚਾਹ ਦੇ ਸਮੇਂ ਦੌਰਾਨ ਆਰ ਅਸ਼ਵਿਨ ਖੇਡ ਰਿਹਾ ਸੀ। ਬੱਲੇਬਾਜ਼ਾਂ ਦੇ ਚੱਲ ਨਾ ਸਕਣ ਕਾਰਨ ਗੇਂਦਬਾਜ਼ਾਂ ਦੀ ਮਿਹਨਤ ਵੀ ਅਜਾਂਈ ਚਲੀ ਗਈ ਹੈ।
ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ 65 ਦੌੜਾਂ ਅੰਦਰ ਦੱਖਣੀ ਅਫਰੀਕਾ ਦੇ ਬਾਕੀ ਬਚੇ ਅੱਠ ਵਿਕਟ ਕੱਢ ਕੇ ਪੂਰੀ ਟੀਮ ਨੂੰ ਪਾਰੀ ਵਿੱਚ 130 ਦੌੜਾਂ ਉੱਤੇ ਢੇਰ ਕਰ ਦਿੱਤਾ। ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ ਵਿੱਚ 286 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿੱਚ ਭਾਰਤੀ ਟੀਮ 209 ਦੌੜਾਂ ਉੱਤੇ ਆਊਟ ਹੋ ਗਈ ਸੀ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ 77 ਦੌੜਾਂ ਦੀ ਲੀਡ ਲਈ ਸੀ। ਇਸ ਨਾਲ ਉਸਦੀ ਕੁਲ ਲੀਡ 207 ਦੌੜਾਂ ਹੋ ਗਈ। ਵਰਨੋਨ ਫਿਲੈਂਡਰ (22 ਦੌੜਾਂ ਦੇ ਕੇ ਤਿੰਨ ਵਿਕਟਾਂ ), ਮੋਰਨੇ ਮੋਰਕਲ (29 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਕੈਗਿਸੋ ਰਬਾਦਾ (30 ਦੌੜਾਂ ਦੇ ਕੇ ਦੋ ਵਿਕਟਾਂ) ਨੇ ਆਪਣੀ ਤੇਜ਼ ਤੇ ਉਛਾਲ ਲੈਂਦੀਆਂ ਗੇਂਦਾਂ ਨਾਲ ਭਾਰਤੀ ਬੱਲੇਬਾਜ਼ਾਂ ਨੂੰ ਗਲਤੀਆਂ ਕਰਨ ਲਈ ਮਜ਼ਬੂਰ ਕਰ ਦਿੱਤਾ। ਸ਼ਿਖਰ ਧਵਨ (16), ਮੁਰਲੀ ਵਿਜੈ (13), ਨੂੰ ਸ਼ੁਰੂ ਤੋਂ ਸੰਘਰਸ਼ ਕਰਨਾ ਪਿਆ ਪਰ ਉਹ ਦੋਵੇਂ ਚੰਗੀ ਸ਼ੁਰੂਆਤ ਦੇਣ ਵਿੱਚ ਨਾਕਾਮ ਰਹੇ। ਭਾਰਤ ਨੇ 9 ਦੌੜਾਂ ਦੇ ਅੰਦਰ ਦੋਵੇਂ ਸਲਾਮੀ ਬੱਲੇਬਾਜ਼ਾਂ ਤੋਂ ਇਲਾਵਾ ਭਰੋਸੇਮੰਦ ਚੇਤੇਸ਼ਵਰ ਪੁਜਾਰਾ (4) ਦੀ ਵਿਕਟ ਗਵਾ ਦਿੱਤੀ। ਕਪਤਾਨ ਵਿਰਾਟ ਕੋਹਲੀ (28) ਤੇ ਰੋਹਿਤ ਸ਼ਰਮਾ (10) ਨੇ ਚੌਥੇ ਵਿਕਟ ਲਈ 32 ਦੌੜਾਂ ਜੋੜ ਕੇ   ਕੁੱਝ ਉਮੀਦ ਜਿਤਾਈ ਪਰ ਭਾਰਤ ਨੇ ਫਿਰ 11 ਦੌੜਾਂ ਦੇ ਅੰਦਰ ਚਾਰ ਵਿਕਟ ਗਵਾ ਦਿੱਤੇ।
ਭਾਰਤ ਲੰਚ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਉੱਤਰਿਆ। ਧਵਨ ਤੇਜ਼ੀ ਨਾਲ ਦੌੜਾਂ ਬਣਾਉਣ ਦੇ ਮੂਡ ਦਿਖਿਆ ਜਦੋਂ ਵਿਜੈ ਨੂੰ ਫਿਲੈਂਡਰ ਦੇ ਸਾਹਮਣੇ ਸੰਘਰਸ਼ ਕਰਨਾ ਪਿਆ। ਵਿਜੈ ਅੱਠਵੇਂ ਓਵਰ ਵਿੱਚ ਫਿਲੈਂਡਰ ਦੀ ਗੇਂਦ ਉੱਤੇ ਕੈਚ ਦੇ ਬੈਠਾ। ਇਸ ਤੋਂ ਬਾਅਦ ਧਵਨ ਆਪਣੀ ਵਿਕਟ ਗਵਾ ਬੈਠਾ। ਪੁਜਾਰਾ ਵੀ ਫਿਲੈਂਡਰ ਦੀ ਗੇਂਦ ਉੱਤੇ ਡਿਕਾਕ ਨੂੰ ਕੈਚ ਦੇ ਕੇ ਆਉੂਟ ਹੋ ਗਿਆ। ਕੋਹਲੀ ਤੇ ਰੋਹਿਤ ਜਦੋਂ ਥੋੜ੍ਹੀ ਉਮੀਦ ਬੰਨ੍ਹਾ ਰਹੇ ਸਨ ਤਾਂ ਕੋਹਲੀ ਵੀ ਟੰਗ ਅੜਿੱਕਾ ਆਊਟ ਹੋ ਗਿਆ। ਇਸ ਤੋਂ ਬਾਅਦ ਰੋਹਿਤ ਵੀ ਵਿਕਟ ਉੱਤੇ ਖੇਡ ਕੇ ਆਊਟ ਹੋ ਗਿਆ। ਪਹਿਲੀ ਪਾਰੀ ਦਾ ਨਾਇਕ ਹਾਰਦਿਕ ਪੰਡਯ (1) ਨੇ ਇਸ ਤੋਂ ਬਾਅਦ ਰਬਾਦਾ ਦੀ ਗੇਂਦ ਉੱਤੇ ਕੈਚ ਦੇ ਦਿੱਤਾ। ਰਿੱਧੀਮਾਨ ਸਾਹਾ (8) ਨੂੰ ਚਾਹ ਦੇ ਸਮੇਂ ਤੋਂ ਪਹਿਲਾਂ ਰਬਾਦਾ ਨੇ ਟੰਗ ਅੜਿੱਕਾ ਆਊਟ ਕਰ ਦਿੱਤਾ। ਅਸ਼ਵਿਨ ਅਤੇ ਭੁਵਨੇਸ਼ਵਰ ਕੁਮਾਰ (ਨਾਬਾਦ 13) ਨੇ ਅੱਠਵੇਂ ਵਿਕਟ ਲਈ 49 ਦੌੜਾਂ ਦੀ ਸਾਂਝੇਦਾਰੀ ਕਰਕੇ ਕੁੱਝ ਉਮੀਦ ਜਿਤਾਈ ਪਰ ਫਿਲੈਂਡਰ ਨੇ ਕਹਿਰ ਵਰਸਾਉਂਦਿਆਂ ਇੱਕ ਓਵਰ ਵਿੱਚ ਵਿੱਚ ਤਿੰਨ ਵਿਕਟਾਂ ਲੈ ਕੇ ਭਾਰਤੀ ਪਾਰੀ ਦਾ ਅੰਤ ਕਰ ਦਿੱਤਾ। ਫਿਲੈਂਡਰ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ।