Category : ਅੰਤਰਰਾਸ਼ਟਰੀ

ਵਾਸ਼ਿੰਗਟਨ, 11 ਜਨਵਰੀ ਅਮਰੀਕਾ, ਭਾਰਤ ਸਣੇ ਆਪਣੇ ਗੁਆਂਢੀਆਂ ਨੂੰ ‘ਡਰਾਉਣ’ ਦੀ ਚੀਨ ਦੀ ਕੋਸ਼ਿਸ਼ ਤੋਂ ਚਿੰਤਤ ਹੈ। ਵਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ ਦਾ ਮੰਨਣਾ ਹੈ ਕਿ ਖੇਤਰ ਤੇ ਦੁਨੀਆ ਭਰ ਵਿਚ ਚੀਨ ਦਾ ਵਿਹਾਰ ‘ਅਸਥਿਰ’ ਕਰਨ ਵਾਲਾ ਹੋ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਅਮਰੀਕਾ ਆਪਣੇ ਭਾਈਵਾਲਾਂ ਨਾਲ ਖੜ੍ਹਨਾ ਜਾਰੀ ਰੱਖੇਗਾ। ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਦੀ ਇਹ ਟਿੱਪਣੀ ਪੂਰਬੀ ਲੱਦਾਖ ਵਿਚ 20 ਮਹੀਨਿਆਂ ਤੋਂ ਚੱਲ ਰਹੇ ਵਿਵਾਦ ’ਤੇ ਭਾਰਤ ਅਤੇ ਚੀਨ ਦਰਮਿਆਨ 14ਵੇਂ ਗੇੜ ਦੀ ਵਾਰਤਾ ਤੋਂ ਪਹਿਲਾਂ ਆਈ ਹੈ। ਭਾਰਤ ਦੇ ਨਾਲ ਲੱਗਦੀ ਸਰਹੱਦ ਉਤੇ ਚੀਨ ਦੇ ਹਮਲਾਵਰ ਵਿਹਾਰ ਬਾਰੇ ਅਤੇ ਚੀਨ ਨਾਲ ਅਮਰੀਕਾ ਦੀ ਗੱਲਬਾਤ ਵਿਚ ਪੇਈਚਿੰਗ ਨੂੰ ਇਸ ਵਿਸ਼ੇ ਉਤੇ ਕੋਈ ਸੰਦੇਸ਼ ਦੇਣ ਬਾਰੇ ਪੁੱਛੇ ਜਾਣ ’ਤੇ ਪ੍ਰੈੱਸ ਸਕੱਤਰ ਨੇ ਸੋਮਵਾਰ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਭਾਰਤ-ਚੀਨ ਸਰਹੱਦ ਉਤੇ ਅਮਰੀਕਾ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਿਹਾ ਹੈ। ਉਨ੍ਹਾਂ ਕਿਹਾ, ‘ਅਸੀਂ ਇਨ੍ਹਾਂ ਸਰਹੱਦੀ ਵਿਵਾਦਾਂ ਦੇ ਗੱਲਬਾਤ ਜ਼ਰੀਏ ਤੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕਰਦੇ ਹਾਂ।’ ਪ੍ਰੈੱਸ ਸਕੱਤਰ ਨੇ ਕਿਹਾ, ‘ਅਸੀਂ ਇਸ ਵਿਸ਼ੇ ਉਤੇ ਆਪਣੇ ਭਾਈਵਾਲਾਂ ਨਾਲ ਹਮੇਸ਼ਾ ਖੜ੍ਹਾਂਗੇ।’ ਦੱਸਣਯੋਗ ਹੈ ਕਿ ਭਾਰਤ ਦੇ ਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਤੇ ਚੀਨ ਦਰਮਿਆਨ ਵਾਰਤਾ ਭਲਕੇ ਹੋਵੇਗੀ। ਇਹ ਬੈਠਕ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਚੀਨ ਵਾਲੇ ਪਾਸੇ ਚੁਸ਼ੂਲ-ਮੋਲਡੋ ਪੁਆਇੰਟ ਉਤੇ ਹੋਵੇਗੀ। ਸੂਤਰਾਂ ਨੇ ਕਿਹਾ ਕਿ ਭਾਰਤ ਪੂਰਬੀ ਲੱਦਾਖ ਵਿਚ ਬਾਕੀ ਟਕਰਾਅ ਵਾਲੀਆਂ ਥਾਵਾਂ ਉਤੇ ਮੁੱਦਿਆਂ ਨੂੰ ਹੱਲ ਕਰਨ ਲਈ ਚੀਨ ਨਾਲ ‘ਰਚਨਾਤਮਕ’ ਗੱਲਬਾਤ ਦੀ ਉਮੀਦ ਕਰ ਰਿਹਾ ਹੈ। ਵਾਰਤਾ ਵਿਚ ਮੁੱਖ ਮੁੱਦਾ ਹੌਟ ਸਪਰਿੰਗਜ਼ ਖੇਤਰ ਵਿਚ ਸੈਨਿਕਾਂ ਨੂੰ ਪਿੱਛੇ ਹਟਾਉਣਾ ਹੋਵੇਗਾ। –
12th January 2022
Exit mobile version