ਅੰਮ੍ਰਿਤਸਰ, ਅਟਾਰੀ ਸਰਹੱਦ ’ਤੇ ਸਥਾਪਿਤ 360 ਫੁੱਟ ਉੱਚੇ ਪੋਲ ’ਤੇ ਆਜ਼ਾਦੀ ਦਿਵਸ ਮੌਕੇ ਤਿਰੰਗਾ ਲਹਿਰਾਉਣ ਦੀ ਯੋਜਨਾ ਹੈ। ਉਧਰ, ਪਾਕਿਸਤਾਨ ਵੱਲੋਂ ਵੀ ਭਾਰਤ ਨਾਲੋਂ ਉਚੇ ਪੋਲ ’ਤੇ 14 ਅਗਸਤ ਨੂੰ ਕੌਮੀ ਝੰਡਾ ਲਹਿਰਾਉਣ ਦੀ ਤਿਆਰੀ ਹੈ। ਇਸ ਦੌਰਾਨ ਬੀਐਸਐਫ ਵੱਲੋਂ ਸਰਹੱਦ ’ਤੇ ਆਜ਼ਾਦੀ ਦੇ ਜਸ਼ਨ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਾਰ ਵਿਸ਼ੇਸ਼ ਬੱਚੇ ਆਜ਼ਾਦੀ ਦਿਹਾੜੇ ਦਾ ਪ੍ਰੋਗਰਾਮ ਪੇਸ਼ ਕਰਨਗੇ। ਸਥਾਨਕ ਸਰਕਾਰਾਂ ਵਿਭਾਗ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਵੱਲੋਂ ਅਟਾਰੀ ਸਰਹੱਦ ਨੇੜੇ ਦੇਸ਼ ਦਾ ਸਭ ਤੋਂ ਉੱਚਾ ਲਗਭਗ 360 ਫੁੱਟ ਉਚਾਈ ਵਾਲਾ ਤਿਰੰਗਾ ਝੰਡਾ ਲਵਾਇਆ ਗਿਆ ਸੀ। ਉਚਾਈ ਵੱਧ ਹੋਣ ਕਾਰਨ ਅਤੇ ਹਵਾ ਦੇ ਦਬਾਅ ਕਾਰਨ ਇਹ ਝੰਡਾ ਕਈ ਵਾਰ ਫਟ ਚੁੱਕਾ ਹੈ, ਜਿਸ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਤਿਰੰਗਾ ਨਹੀਂ ਲਹਿਰਾਇਆ ਜਾ ਰਿਹਾ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗ੍ਰਹਿ ਮੰਤਰਾਲੇ ਨੂੰ ਪੱਤਰ ਭੇਜ ਕੇ ਤਕਨੀਕੀ ਸੁਝਾਅ ਮੰਗੇ ਗਏ ਸਨ, ਪਰ ਹੁਣ ਤੱਕ ਕੋਈ ਹੁੰਗਾਰਾ ਨਹੀਂ ਮਿਲਿਆ ਹੈ। ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਤੌਰ ’ਤੇ ਆਜ਼ਾਦੀ ਦਿਵਸ ਮੌਕੇ ਇਸ ਉਚੇ ਪੋਲ ’ਤੇ ਤਿਰੰਗਾ ਝੰਡਾ ਲਹਿਰਾਉਣ ਦੀ ਯੋਜਨਾ ਹੈ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗ੍ਰਹਿ ਮੰਤਰਾਲੇ ਨੂੰ ਪੱਤਰ ਅਤੇ ਮਗਰੋਂ ਕਈ ਯਾਦ ਪੱਤਰ ਭੇਜੇ ਗਏ ਹਨ, ਪਰ ਅਜੇ ਤੱਕ ਹੁੰਗਾਰਾ ਨਹੀਂ ਮਿਲਿਆ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਵੱਲੋਂ ਵੀ ਲਗਭਗ 400 ਫੁੱਟ ਉੱਚਾ ਪੋਲ ਸਥਾਪਿਤ ਕੀਤਾ ਗਿਆ ਹੈ, ਜਿੱਥੇ 14 ਅਗਸਤ ਨੂੰ ਪਾਕਿਸਤਾਨ ਦਾ ਕੌਮੀ ਝੰਡਾ ਲਹਿਰਾਉਣ ਦੀ ਯੋਜਨਾ ਹੈ। ਇਸ ਝੰਡੇ ਦਾ ਕੱਪੜਾ ਪੈਰਾਸ਼ੂਟ ਵਾਲਾ ਹੋਵੇਗਾ, ਜੋ ਉਚਾਈ ’ਤੇ ਹਵਾ ਦਾ ਦਬਾਅ ਬਰਦਾਸ਼ਤ ਕਰ ਸਕਦਾ ਹੈ। ਪਾਕਿਸਤਾਨ ਵਾਲੇ ਪਾਸੇ ਉਚੇ ਪੋਲ ’ਤੇ ਝੰਡਾ ਲਹਿਰਾਉਣ ਦੀ ਯੋਜਨਾ ਨੂੰ ਦੇਖਦਿਆਂ ਹੁਣ ਭਾਰਤ ਵਾਲੇ ਪਾਸੇ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਤੌਰ ’ਤੇ ਝੰਡਾ ਲਹਿਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿਰੰਗਾ 14 ਅਤੇ 15 ਅਗਸਤ ਨੂੰ ਲਹਿਰਾਇਆ ਜਾਵੇਗਾ ਅਤੇ 16 ਅਗਸਤ ਨੂੰ ਉਤਾਰ ਲਿਆ ਜਾਵੇਗਾ।
ਇਸ ਦੌਰਾਨ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਵਿਸ਼ੇਸ਼ ਬੱਚਿਆਂ ਵੱਲੋਂ ਸਰਹੱਦ ’ਤੇ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਬੀਐਸਐਫ ਦੇ ਡੀਆਈਜੀ ਜੇ.ਐੱਸ.ਓਬਰਾਏ ਨੇ ਦੱਸਿਆ ਕਿ ਵਿਸ਼ੇਸ਼ ਬੱਚੇ ਆਜ਼ਾਦੀ ਦਿਹਾੜੇ ਦਾ ਪ੍ਰੋਗਰਾਮ ਪੇਸ਼ ਕਰਨਗੇ।