ਐਸ.ਏ.ਐਸ. ਨਗਰ (ਮੁਹਾਲੀ), 11 ਅਕਤੂਬਰ 
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਬਿਜਲੀ ਸਬਸਿਡੀ ਵਸੂਲੀ ਮਾਮਲੇ ਵਿੱਚ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜਨਤਕ ਤੌਰ ’ਤੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਖ਼ਜ਼ਾਨਾ ਮੰਤਰੀ ਨੇ ਕੁਝ ਦਿਨ ਪਹਿਲਾਂ ਟੀਵੀ ਚੈਨਲ ’ਤੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਮੁੜ ਤੋਂ ਅਦਾਇਗੀ ਸ਼ੁਰੂ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਨੂੰ ਉਚਿਤ ਠਹਿਰਾਉਂਦਿਆਂ ਕਿਹਾ ਸੀ ਕਿ ਪਿੰਡ ਬਾਦਲ ਵਿੱਚ ਉਨ੍ਹਾਂ ਦੀ ਸਾਰੀ ਜ਼ਮੀਨ ਦੀ ਸਿੰਜਾਈ ਕੇਵਲ ਨਹਿਰੀ ਪਾਣੀ ਨਾਲ ਹੁੰਦੀ ਹੈ ਅਤੇ ਜ਼ਮੀਨ ਵਿੱਚ ਇੱਕ ਵੀ ਬਿਜਲੀ ਵਾਲਾ ਟਿਊਬਵੈੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਮਨਪ੍ਰੀਤ ਬਾਦਲ ਦੇ ਨਾਂ ’ਤੇ ਉਨ੍ਹਾਂ ਦੇ ਜੱਦੀ ਪਿੰਦ ਵਿੱਚ ਦੋ ਟਿਊਬਵੈੱਲ ਚੱਲਦੇ ਹਨ ਅਤੇ ਉਹ ਖ਼ੁਦ ਬੀਤੇ ਸਮੇਂ ਦੌਰਾਨ ਬਿਜਲੀ ਸਬਸਿਡੀ ਦੇ ਨਾਂ ਉੱਤੇ 17 ਲੱਖ ਰੁਪਏ ਦੀ ਮੁਆਫ਼ੀ ਲੈ ਚੁੱਕੇ ਹਨ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਖ਼ਜ਼ਾਨਾ ਮੰਤਰੀ ਦੇ ਨਾਂ ’ਤੇ ਪਿੰਡ ਬਾਦਲ ਵਿੱਚ 27 ਏਕੜ ਜ਼ਮੀਨ ਹੈ ਅਤੇ ਇਸ ਜ਼ਮੀਨ ਵਿੱਚ ਦੋ ਟਿਊਬਵੈੱਲ ਕੁਨੈਕਸ਼ਨ ਏ.ਪੀ-01/0011 ਅਤੇ ਏ.ਪੀ-01/0036 ਨੰਬਰਾਂ ਅਧੀਨ ਚੱਲ ਰਹੇ ਹਨ। ਉਨ੍ਹਾਂ ਮਨਪ੍ਰੀਤ ਬਾਦਲ ਨੂੰ ਸਵਾਲ ਕੀਤਾ ਕਿ ਉਹ ਇਹ ਦੱਸਣ ਕਿ ਉਨ੍ਹਾਂ ਨੇ ਹੁਣ ਤੱਕ ਸਰਕਾਰੀ ਖ਼ਜ਼ਾਨੇ ’ਚੋਂ ਕੁੱਲ ਕਿੰਨੀ ਸਬਸਿਡੀ ਵਸੂਲ ਕੀਤੀ ਹੈ ਅਤੇ ਇਹ ਵੀ ਸਪੱਸ਼ਟ ਕਰਨ ਕਿ ਮੁੱਖ ਮੰਤਰੀ ਵੱਲੋਂ ਵੱਡੇ ਜ਼ਿਮੀਂਦਾਰਾਂ ਨੂੰ ਸਰਕਾਰੀ ਸਬਸਿਡੀਆਂ ਆਪੇ ਛੱਡ ਦੇਣ ਦੀ ਦਿੱਤੀ ਨਸੀਹਤ ’ਤੇ ਉਹ ਖ਼ੁਦ ਖਰੇ ਕਿਉਂ ਨਹੀਂ ਉੱਤਰੇ?