ਦੁਬਈ— ਆਪਣੀ ਖਰਾਬ ਫਾਰਮ ‘ਚ ਚੱਲ ਰਹੇ ਸ਼੍ਰੀਲੰਕਾ ਦੇ ਗੇਂਦਬਾਜ਼ ਲਾਸਿਥ ਮਲਿੰਗਾ ਨੂੰ ਪਾਕਿਸਤਾਨ ਦੇ ਖਿਲਾਫ ਵਨ ਡੇ ਸੀਰੀਜ਼ ਦੇ ਲਈ ਸ਼੍ਰੀਲੰਕਾ ਦੀ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਕਿਹਾ ਕਿ ਵਰਤਮਾਨ ਫਾਰਮ ਨੂੰ ਧਿਆਨ ‘ਚ ਰੱਖਦੇ ਹੋਏ ਅਤੇ 2019 ਵਿਸ਼ਵ ਕੱਪ ਦੇ ਲਈ ਸ਼੍ਰੀਲੰਕਾ ਟੀਮ ਦੀਆਂ ਯੋਜਨਾਵਾਂ ਦੇ ਤਹਿਤ ਮਲਿੰਗਾ ਨੂੰ ਵਨ ਡੇ ਸੀਰੀਜ਼ ਦੇ ਲਈ ਕੌਮੀ ਟੀਮ ‘ਚ ਜਗ੍ਹਾ ਨਹੀਂ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਜਿੱਥੇ ਟੀਮ ‘ਚ ਮਲਿੰਗਾ ਸ਼ਾਮਲ ਨਹੀਂ ਹੈ, ਇਸ ਦੇ ਨਾਲ ਹੀ ਏਜੇਲੋ ਮੈਥਯੂਜ ਵੀ ਸੱਟ ਦੇ ਕਾਰਨ ਇਸ ਸੀਰੀਜ਼ ‘ਚ ਸ਼੍ਰੀਲੰਕਾਈ ਟੀਮ ਦੀ ਨੁਮਾਇੰਦਗੀ ਨਹੀਂ ਕਰ ਸਕੇਗਾ। ਇਸ ਸਾਲ ਜੂਨ ‘ਚ ਕੌਮਾਂਤਰੀ ਪੱਧਰ ‘ਤੇ ਵਾਪਸੀ ਕਰਨ ਤੋਂ ਬਾਅਦ ਮਲਿੰਗਾ ਨੇ ਹੁਣ ਤੱਕ ਕੁਲ 13 ਵਨ ਡੇ ਮੈਚ ਖੇਡੇ ਹਨ ਅਤੇ ਇਨ੍ਹਾਂ ਮੈਚਾਂ ‘ਚ ਉਹ ਕੁਝ ਖਾਸ ਨਹੀਂ ਕਰ ਸਕਿਆ।
ਇਸ ਤੋਂ ਇਲਾਵਾ ਬੱਲੇਬਾਜ਼ ਦਾਨੁਸ਼ਕਾ ਗੁਨਾਥਿਲਕਾ ਨੂੰ ਵੀ ਵਨ ਡੇ ਸੀਰੀਜ਼ ਦੇ ਲਈ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ ਹਾਲਾਂਕਿ ਸ਼੍ਰੀਲੰਕਾ ਦੀ ਟੈਸਟ ਟੀਮ ਦੇ ਕਪਤਾਨ ਦਿਨੇਸ਼ ਚਾਂਡੀਮਲ ਅਤੇ ਚਮਾਰਾ ਕਪੁਗੇਦੇਰਾ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਪਾਕਿਸਤਾਨ ਦੇ ਖਿਲਾਫ ਸ਼੍ਰੀਲੰਕਾ ਨੇ ਆਪਣੀ ਵਨ ਡੇ ਟੀਮ ਦਾ ਐਲਾਨ ਕਰ ਦਿੱਤਾ ਹੈ। ਦੋਵੇਂ ਟੀਮਾਂ ਦੇ ਵਿਚਾਲੇ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ ਦਾ ਪਹਿਲਾਂ ਮੈਚ 13 ਅਕਤੂਬਰ ਨੂੰ ਖੇਡਿਆ ਜਾਵੇਗਾ।
ਸ਼੍ਰੀਲੰਕਾ ਟੀਮ ਇਸ ਤਰ੍ਹਾਂ ਹੈ : ਓਪੁਲ ਥਾਰੰਗਾ (ਕਪਤਾਨ), ਦਿਨੇਸ਼ ਚਾਂਡੀਮਲ, ਨਿਰੋਸ਼ਨ ਡਿਕਲੇਵਾ, ਲਾਹਿਰੂ ਥਿਰਾਮੱਨੇ, ਕੁਸ਼ਲ ਮੈਡਿਸ, ਮਿਲਿੰਗਾ ਸ਼੍ਰੀਵਰਦਨਾ, ਚਮਾਰਾ ਕਪੁਗੇਦੇਰਾ, ਥਿਸਾਰਾ ਪਰੇਰਾ, ਸੀਕੁਗੇ ਪ੍ਰਸੱਨਾ, ਨੁਵਾਨ ਪ੍ਰਦੀਪ, ਸੁਰੰਗਾ ਲਕਮਾਲ, ਦੁਸ਼ਮੰਥਾ ਚਮੀਰਾ, ਵਿਸ਼ਵਾ ਫਰਨਾਦੋ, ਅਕੀਲਾ ਧਨੰਜਯ ਅਤੇ ਜੇਫਰੀ ਵੰਡੇਰਸੇ ਸ਼ਾਮਲ ਹਨ।