ਓਡੇਂਸੇ, ਭਾਰਤ ਦੇ ਕਿਦਾਂਬੀ ਸ੍ਰੀਕਾਂਤ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਇੱਥੇ ਖੇਡੇ ਜਾ ਰਹੇ ਡੈਨਮਾਰਕ ਓਪਨ ਬੈਡਮਿੰਟਨ ਦੇ ਇਕ ਸੰਘਰਸ਼ਪੂਰਨ ਮੈਚ ਵਿੱਚ ਵਿਸ਼ਵ ਦੇ ਸਿਖ਼ਰਲੇ ਖਿਡਾਰੀ ਡੈਨਮਾਰਕ ਦੇ ਵਿਕਟਰ ਏਕਸੇਲਸਨ ਨੂੰ ਮਾਤ ਦੇ ਕੇ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਦਾਖ਼ਲਾ ਹਾਸਲ ਕਰ ਲਿਆ। ਸ੍ਰੀਕਾਂਤ ਨੇ ਵਿਕਟਰ ਨੂੰ 14-21, 22-20, 21-7 ਦੇ ਨਾਲ ਮਾਤ ਦਿੱਤੀ। ਇਸੇ ਟੂਰਨਾਮੈਂਟ ਦੇ ਹੋਰਨਾਂ ਮੁਕਾਬਲਿਆਂ ’ਚ ਭਾਰਤੀ ਖਿਡਾਰੀਆਂ ਨੂੰ ਹਾਰ ਦਾ ਮੂੰਹ ਵੀ ਦੇਖਣਾ ਪਿਆ। ਸਾਈਨਾ ਨੇਹਵਾਲ ਤੇ ਐੱਚ ਐੱਸ ਪ੍ਰਣਯ ਕੁਆਰਟਰ ਫਾਈਨਲ ਮੁਕਾਬਲੇ ’ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਅੱਠਵਾਂ ਦਰਜਾ ਹਾਸਲ ਸ੍ਰੀਕਾਂਤ ਤੇ ਡੈਨਿਸ਼ ਖਿਡਾਰੀ ਨੂੰ 55 ਮਿੰਟ ਚੱਲੇ ਮੁਕਾਬਲੇ ’ਚ ਹਰਾ ਕੇ ਇਸੇ ਸਾਲ ਉਸ ਕੋਲੋਂ ਮਿਲੀਆਂ ਦੋ ਹਾਰਾਂ ਦਾ ਹਿਸਾਬ ਵੀ ਬਰਾਬਰ ਕੀਤਾ। ਉਹ ਜਪਾਨ ਓਪਨ ਤੇ ਇੰਡੀਅਨ ਓਪਨ ’ਚ ਵਿਕਟਰ ਕੋਲੋਂ ਹਾਰ ਗਿਆ ਸੀ। ਹੁਣ ਸ੍ਰੀਕਾਂਤ ਦਾ ਸੈਮੀਫਾਈਨਲ ’ਚ ਹਾਂਗਕਾਂਗ ਦੇ ਵੌਂਗ ਵਿੰਗ ਕੀ ਵਿਨਸੈਂਟ ਨਾਲ ਮੁਕਾਬਲਾ ਹੋਵੇਗਾ। ਸ੍ਰੀਕਾਂਤ ਦਾ ਵਿਨਸੈਂਟ ਖ਼ਿਲਾਫ਼ 2-2 ਮੁਕਾਬਲਿਆਂ ਦਾ ਕਰੀਅਰ ਰਿਕਾਰਡ ਹੈ। ਇਸ ਤੋਂ ਪਹਿਲਾਂ ਸਾਈਨਾ ਨੇਹਵਾਲ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕਰਦੇ ਹੋਏ ਚੌਥਾ ਦਰਜਾ ਪ੍ਰਾਪਤ ਜਪਾਨ ਦੀ ਅਕਾਨੇ ਯਾਗਾਮੂਚੀ ਤੋਂ ਹਾਰ ਗਈ। ਇਹ ਮੁਕਾਬਲਾ ਸਿਰਫ਼ 29 ਮਿੰਟ ਚੱਲਿਆ ਤੇ ਸਾਈਨਾ ਨੂੰ 21-10, 21-13 ਨਾਲ ਇਕਪਾਸੜ ਹਾਰ ਮਿਲੀ। ਇਸੇ ਤਰ੍ਹਾਂ ਪ੍ਰਣਯ ਨੂੰ ਵੀ ਕੋਰੀਆ ਦੇ ਸੋਨ ਵਾਨ ਤੋਂ 44 ਮਿੰਟ ਚੱਲੇ ਮੁਕਾਬਲੇ ’ਚ 21-13, 21-18 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।