ਪਟਿਆਲਾ, 8 ਸਤੰਬਰ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਮਾਮਲਾ ਅੰਤ੍ਰਿੰਗ ਕਮੇਟੀ ਦੀ ਆਗਾਮੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ ਤੇ ਵਿਚਾਰਨ ਮਗਰੋਂ ਇਸ ਨੂੰ ਜਨਰਲ ਹਾਊਸ ਵਿੱਚ ਪੇਸ਼ ਕੀਤਾ ਜਾਵੇਗਾ| ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੰਗਿਆ ਮੁਆਫ਼ੀ ਦੇਣ ਦਾ ਫ਼ੈਸਲਾ ਭਾਵੇਂ ਸੰਗਤ ਦੇ ਦਬਾਅ ਕਰ ਕੇ ਵਾਪਸ ਲੈ ਲਿਆ ਗਿਆ ਸੀ, ਪਰ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵੱਲੋਂ ਇਸ ਫ਼ੈਸਲੇ ਦੀ ਕੀਤੀ ਪ੍ਰੋੜ੍ਹਤਾ ਅਜੇ ਜਿਉਂ ਦੀ ਤਿਉਂ ਹੈ।
ਇਸ ਮਾਮਲੇ ਸਬੰਧੀ ਪ੍ਰੋ. ਬਡੂੰਗਰ ਨੇ ਕਿਹਾ ਕਿ ਅੰਤ੍ਰਿੰਗ ਕਮੇਟੀ ਜਾਂ ਪ੍ਰਧਾਨ ਇਸ ਮਤੇ ਨੂੰ ਰੱਦ ਨਹੀਂ ਕਰ ਸਕਦੇ, ਇਸ ਕਰ ਕੇ ਨਵੰਬਰ ਵਿੱਚ ਜਨਰਲ ਹਾੳੂਸ ਦੌਰਾਨ ਇਸ ਮਾਮਲੇ ਦੀ ਅਗਲੀ ਰੂਪ-ਰੇਖਾ ਉਲੀਕੀ ਜਾਵੇਗੀ| ੳੁਨ੍ਹਾਂ ਧਾਰਮਿਕ ਚਿੰਨ੍ਹ ਵਾਲੀਆਂ ਜੁੱਤੀਅਾਂ ਦੀ ਵਿਕਰੀ ਸਬੰਧੀ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਟੀਮ ਬਣਾ ਦਿੱਤੀ ਹੈ, ਜੋ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਅਕਾਲ ਤਖ਼ਤ ’ਤੇ ਭੇਜੇਗੀ।
ਪ੍ਰੋ. ਬਡੂੰਗਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਵਿੱਢੀ ਧਰਮ ਪ੍ਰਚਾਰ ਲਹਿਰ ਨੂੰ ਭਖ਼ਾੳੁਣ ਲਈ ਕਰਾਏ ਜਾ ਰਹੇ ਧਾਰਮਿਕ ਸਮਾਗਮਾਂ ਬਾਰੇ ਦੱਸਿਆ ਕਿ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ, ਅੰਮ੍ਰਿਤਸਰ ਵਿਖੇ 10 ਸਤੰਬਰ ਨੂੰ ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ। 12 ਸਤੰਬਰ ਨੂੰ  ਸਾਰਾਗਾੜ੍ਹੀ ਦੇ ਸਥਾਨ ’ਤੇ 21 ਸਿੱਖ ਸੰਘਰਸ਼ੀ ਯੋਧਿਆਂ ਦੀ ਯਾਦ ਵਿੱਚ ਧਾਰਮਿਕ ਸਮਾਗਮ ਹੋ ਰਿਹਾ ਹੈ ਤੇ ਇਸੇ ਦਿਨ ਸਾਰਾਗਾੜ੍ਹੀ ਦੇ ਸਥਾਨ ਗੁਰਦੁਆਰਾ ਵਜ਼ੀਦਪੁਰ ਸਾਹਿਬ (ਫਿਰੋਜ਼ਪੁਰ) ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਸਮਾਗਮ ਕਰਾਇਆ ਜਾਵੇਗਾ।

ਸ਼੍ਰੋਮਣੀ ਕਮੇਟੀ ਉਤੇ ਦਬਾਅ ਬਣਾਉਣ ਦੀ ਅਪੀਲ
ਅੰਮ੍ਰਿਤਸਰ : ਫਾਰਗ ਕੀਤੇ ਪੰਜ ਪਿਆਰਿਆਂ ਨੇ ਡੇਰਾ ਸਿਰਸਾ ਦੇ ਮੁਖੀ ਨੂੰ  ਮੁਆਫ਼ੀ ਦੇਣ ਦੇ ਫ਼ੈਸਲੇ ਦੀ ਪ੍ਰੋੜ੍ਹਤਾ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਮਤੇ ਨੂੰ  ਵਾਪਸ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ‘ਤੇ ਮਤੇ ਨੂੰ ਵਾਪਸ ਲੈਣ ਲਈ ਦਬਾਅ ਬਣਾਉਣ। ਪੰਜ ਪਿਆਰਿਆਂ ਵਿੱਚ  ਸ਼ਾਮਲ ਭਾਈ ਸਤਨਾਮ ਸਿੰਘ ਖੰਡਾ, ਮੇਜਰ ਸਿੰਘ, ਮੰਗਲ ਸਿੰਘ, ਤਰਲੋਕ ਸਿੰਘ ਅਤੇ ਸਤਨਾਮ  ਸਿੰਘ ਖਾਲਸਾ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ  ਵਿਸ਼ੇਸ਼ ਜਨਰਲ ਇਜਲਾਸ ਸੱਦ ਕੇ ਡੇਰਾ ਮੁਖੀ ਨੂੰ ਮੁਆਫ਼ੀ ਦਿੱਤੇ ਜਾਣ ਸਬੰਧੀ ਅਕਾਲ ਤਖ਼ਤ ਦੇ ਗੁਰਮਤੇ ਦੀ ਪ੍ਰੋਡ਼੍ਹਤਾ ਦਾ ਮਤਾ ਪਾਸ ਕੀਤਾ ਸੀ। ਸੰਗਤ ਦੇ ਵਿਰੋਧ ਕਾਰਨ ਗੁਰਮਤਾ ਤਾਂ ਵਾਪਸ ਲੈ ਲਿਆ ਗਿਆ ਸੀ ਪਰ ਸ਼੍ਰੋਮਣੀ ਕਮੇਟੀ  ਵੱਲੋਂ ਪਾਸ ਮਤਾ ਹੁਣ ਤੱਕ ਵਾਪਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹੁਣ ਜਦੋਂ ਅਦਾਲਤ ਨੇ  ਵੀ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੰਦਿਆਂ ਜੇਲ੍ਹ ਭੇਜ ਦਿੱਤਾ ਹੈ ਤਾਂ ਸ਼੍ਰੋਮਣੀ ਕਮੇਟੀ  ਨੂੰ ਆਪਣੀ ਗ਼ਲਤੀ ਦਰੁਸਤ ਕਰਨੀ ਚਾਹੀਦੀ ਹੈ