ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ 11 ਅਕਤੂਬਰ ਨੂੰ ਹੋ ਰਹੀ ਜ਼ਿਮਨੀ ਚੋਣ ਲਈ ਪਾਰਟੀ ਦੇ ਸੰਭਾਵੀ ਉਮੀਦਵਾਰ ਦੇ ਨਾਂ ਬਾਰੇ ਚਰਚਾ ਕੀਤੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਉਮੀਦਵਾਰ ਬਣਾਏ ਜਾਣ ਦੀ ਸਿਫਾਰਸ਼ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਕੈਪਟਨ ਨੇ ਕਾਂਗਰਸ ਪ੍ਰਧਾਨ ਨੂੰ ਜ਼ਿਮਨੀ ਚੋਣ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਤੇ ਜਾਖੜ ਨੂੰ ਉਮੀਦਵਾਰ ਬਣਾਉਣ ਬਾਰੇ ਤਰਕ ਵੀ ਦਿੱਤਾ। ਦੱਸਣਯੋਗ ਹੈ ਕਿ ਗੁਰਦਾਸਪੁਰ ਅਤੇ ਪਠਾਨਕੋਟ ਦੇ ਕਾਂਗਰਸ ਵਿਧਾਇਕ ਵੀ ਜਾਖੜ ਦੇ ਹੱਕ ਵਿੱਚ ਰਾਇ ਦੇ ਚੁੱਕੇ ਹਨ। ਇਸੇ ਦੌਰਾਨ ਹਾਈਕਮਾਂਡ ਕੋਲ ਦੋ-ਤਿੰਨ ਹੋਰ ਨਾਂ ਵੀ ਪਹੁੰਚੇ ਹਨ ਤੇ ਉਨ੍ਹਾਂ ਨੂੰ ਟਿਕਟ ਦਿਵਾਉਣ ਲਈ ਵੱਖ-ਵੱਖ ਪਾਸਿਆਂ ਤੋਂ ਜ਼ੋਰ ਅਜ਼ਮਾਈ ਚੱਲ ਰਹੀ ਹੈ। ਇੱਕ ਸੀਨੀਅਰ ਕਾਂਗਰਸ ਆਗੂ ਨੇ ਦੱਸਿਆ ਕਿ ਟਿਕਟ ਜਾਖੜ ਨੂੰ ਹੀ ਮਿਲੇਗੀ ਤੇ ਉਹ ਆਪਣਾ ਨਾਮਜ਼ਦਗੀ ਪੱਤਰ 21 ਸਤੰਬਰ ਨੂੰ ਦਾਖਲ ਕਰਨਗੇ। ਕਾਗਜ਼ ਦਾਖ਼ਲ ਕਰਨ ਦੀ ਅੰਤਿਮ ਮਿਤੀ 22 ਸਤੰਬਰ ਹੈ।