ਗੋਲਡ ਕੋਸਟ, 3 ਨਵੰਬਰ
ਓਲੰਪਿਕ ਖੇਡਾਂ ’ਚ ਕਾਂਸੀ ਤਗ਼ਮਾ ਜੇਤੂ ਗਗਨ ਨਾਰੰਗ ਨੇ ਸ਼ਾਨਦਾਰ ਵਾਪਸੀ ਕਰਦਿਆਂ ਅੱਜ ਇੱਥੇ ਚਾਂਦੀ ਦਾ ਤਗ਼ਮਾ ਜਿੱਤਿਆ ਜਦਕਿ ਸਵਪਨਿਲ ਕੁਸਾਲੇ ਤੇ ਅੰਨੂ ਰਾਜ ਸਿੰਘ ਨੇ ਕਾਂਸੀ ਦਾ ਤਗ਼ਮਾ ਆਪਣੀ ਝੋਲੀ ਪਾਇਆ ਜਿਸ ਨਾਲ ਭਾਰਤ ਦਾ ਰਾਸ਼ਟਰ ਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਮਜ਼ਬੂਤ ਪ੍ਰਦਰਸ਼ਨ ਜਾਰੀ ਰਿਹਾ। ਨਾਰੰਗ ਪੁਰਸ਼ਾਂ ਦੇ 50 ਮੀਟਰ ਰਾਈਫਲ ਪ੍ਰੋਨ ਮੁਕਾਬਲੇ ’ਚ ਪੋਡੀਅਮ ’ਚ ਦੂਜੇ ਸਥਾਨ ’ਤੇ ਰਿਹਾ, ਜਦਕਿ ਸਵਪਨਿਲ ਨੇ ਤੀਜਾ ਸਥਾਨ ਹਾਸਲ ਕੀਤਾ।
ਭਾਰਤੀ ਟੀਮ ’ਚ ਵਾਪਸੀ ਕਰਨ ਵਾਲੀ ਅਨੂੰ ਰਾਜ ਸਿੰਘ ਨੇ ਮਹਿਲਾਵਾਂ ਦ 25 ਮੀਟਰ ਪਿਸਟਲ ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਜਿੱਤਿਆ। ਰਾਸ਼ਟਰ ਮੰਡਲ ਖੇਡਾਂ 2010 ਦੀ ਸੋਨ ਤਗ਼ਮਾ ਜੇਤੂ ਨੇ ਤੀਜਾ ਸਥਾਨ ਹਾਸਲ ਕੀਤਾ। ਉੱਥੇ ਹੀ 2016 ਮਗਰੋਂ ਪਹਿਲਾ ਵੱਡਾ ਟੂਰਨਾਮੈਂਟ ਖੇਡ ਰਹੇ ਨਾਰੰਗ ਨੇ ਕੁਆਲੀਫਿਕੇਸ਼ਨ ’ਚ 617.6 ਦਾ ਸਕੋਰ ਕਰਕੇ ਚੌਥਾ ਸਥਾਨ ਹਾਸਲ ਕੀਤਾ। ਫਾਈਨਲ ’ਚ ਉਸ ਦਾ ਸਕੋਰ 246.3 ਸੀ। ਉਹ ਸੋਨ ਤਗ਼ਮੇ ਤੋਂ 1.4 ਅੰਕ ਪਿੱਛੇ ਰਹਿ ਗਿਆ। ਨਾਰੰਗ ਤੇ ਸਵਪਨਿਲ ਨੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਲਈ ਕੁਆਲੀਫਾਈ ਕੀਤਾ, ਜਿਸ ’ਚ ਭਾਰਤ ਨੂੰ ਤਗ਼ਮੇ ਦੀ ਆਸ ਸ਼ੁਰੂ ਹੋਈ। ਸਵਪਨਿਲ ਨੇ ਕੁਆਲੀਫਿਕੇਸ਼ਨ ’ਚ 619.1 ਦਾ ਸਕੋਰ ਬਣਾਇਆ, ਜਿਸ ’ਚ ਆਸਟਰੇਲੀਆ ਦੇ ਸੋਨ ਤਗ਼ਮਾ ਜੇਤੂ ਡੇਨ ਸੈਂਪਸਨ ਨੇ 624.3 ਦੇ ਰਾਸ਼ਟਰ ਮੰਡਲ ਰਿਕਾਰਡ ਨਾਲ ਫਾਈਨਲ ’ਚ ਪ੍ਰਵੇਸ਼ ਕੀਤਾ।
ਭਾਰਤ ਨੇ ਇਸ ਵਰਗ ’ਚ ਭਾਗ ਲੈ ਰਿਹਾ ਤੀਜਾ ਨਿਸ਼ਾਨੇਬਾਜ਼ ਸੁਸ਼ੀਲ ਘਾਲੇ 614.1 ਦੇ ਸ਼ਾਟ ਨਾਲ 22 ਖਿਡਾਰੀਆਂ ’ਚ 10ਵੇਂ ਸਥਾਨ ’ਤੇ ਰਿਹਾ। ਡੇਨ ਨੇ 247.7 ਤੇ ਸਵਪਨਿਲ ਨੇ 225.6 ਅੰਕ ਬਣਾਏ। ਨਾਰੰਗ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਦੀ ਤਿਆਰੀ ਲਈ ਇਹ ਮਹੱਤਵਪੂਰਨ ਟੂਰਨਾਮੈਂਟ ਹੈ। ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਦੇ ਫਾਈਨਲ ’ਚ ਅਨੂੰ ਰਾਜ ਨੂੰ ਕਾਂਸੀ, ਮੇਜ਼ਬਾਨ ਨਿਸ਼ਾਨੇਬਾਜ਼ ਐਲ ਯਾਉਮਲੇਉਸਕੇ ਨੂੰ ਸੋਨੇ ਤੇ ਈ ਗਾਲਿਆਬੋਵਿਚ ਨੂੰ ਚਾਂਦੀ ਦਾ ਤਗ਼ਮਾ ਹਾਸਲ ਹੋਇਆ। ਰਾਣੀ ਸਰਨੋਬਤ ਦਾ ਵੀ ਇੱਕ ਹੀ ਸਕੋਰ ਸੀ, ਪਰ ਉਹ ਕੁਆਲੀਫਾਈ ’ਚ ਤੀਜੇ ਸਥਾਨ ’ਤੇ ਰਹੀ।