ਟੋਰਾਂਟੋ— ਆਇਰਲੈਂਡ ਦੇ ਪ੍ਰਧਾਨ ਮੰਤਰੀ 19 ਅਗਸਤ ਨੂੰ ਕੈਨੇਡਾ ਆ ਰਹੇ ਹਨ। ਉਨ੍ਹਾਂ ਦੇ ਆਉਣ ਸੰਬੰਧੀ ਮੰਗਲਵਾਰ ਨੂੰ ਅਧਿਕਾਰਕ ਤੌਰ ‘ਤੇ ਜਾਣਕਾਰੀ ਦਿੱਤੀ ਗਈ। 20 ਅਗਸਤ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਉਹ ਮੁਲਾਕਾਤ ਕਰਨਗੇ ਅਤੇ ਪਰਾਈਡ ਪਰੇਡ ‘ਚ ਹਿੱਸਾ ਲੈਣਗੇ। ਤੁਹਾਨੂੰ ਦੱਸ ਦਈਏ ਕਿ ਆਇਰਲੈਂਡ ਦੇ ਪ੍ਰਧਾਨ ਮੰਤਰੀ ਲੀਓ ਵਰਦਕਰ ਭਾਰਤੀ ਮੂਲ ਦੇ ਡਾਕਟਰ ਹਨ। ਉਹ 38 ਸਾਲ ਦੀ ਉਮਰ ‘ਚ ਹੀ ਪ੍ਰਧਾਨ ਮੰਤਰੀ ਬਣੇ ਹਨ ਅਤੇ ਉਨ੍ਹਾਂ ਨੇ ਖੁੱਲ੍ਹ ਕੇ ਆਪਣੇ ਗੇਅ ਹੋਣ ਸੰਬੰਧੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਹੋਰ ਲੋਕਾਂ ਵਾਂਗ ਇਸ ਨਿੱਜੀ ਸੱਚਾਈ ਨੂੰ ਛੁਪਾ ਕੇ ਨਹੀਂ ਰੱਖਿਆ। ਸੂਤਰਾਂ ਮੁਤਾਬਕ ਦੋਵੇਂ ਦੇਸ਼ਾਂ ਦੇ ਮੁਖੀ ਆਪਣੇ ਦੇਸ਼ਾਂ ਦੇ ਵਪਾਰਕ ਵਿਕਾਸ ਅਤੇ ਨੌਕਰੀਆਂ ਦੇ ਨਵੇਂ ਮੌਕਿਆਂ ਸੰਬੰਧੀ ਗੱਲਬਾਤ ਕਰਨਗੇ। ਆਇਰਲੈਂਡ ਅਤੇ ਕੈਨੇਡਾ ਨੇੜਲੇ ਦੋਸਤ ਹਨ ਅਤੇ ਇਸ ਖਾਸ ਬੈਠਕ ਮਗਰੋਂ ਇਨ੍ਹਾਂ ਦੇ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ। ਦੋਹਾਂ ਮੁਖੀਆਂ ਦੀ ਬੈਠਕ ਮਾਂਟਰੀਅਲ ‘ਚ ਰੱਖੀ ਗਈ ਹੈ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਕੋਈ ਵਿਦੇਸ਼ੀ ਨੇਤਾ ਪ੍ਰਧਾਨ ਮੰਤਰੀ ਟਰੂਡੋ ਨਾਲ ਪਰਾਈਡ ਪਰੇਡ ‘ਚ ਹਿੱਸਾ ਲਵੇਗਾ। ਅਸਲ ‘ਚ ਕੈਨੇਡਾ ਸਮਲਿੰਗੀ ਭਾਈਚਾਰੇ ਨੂੰ ਸਮਾਨਤਾ ਦਿੰਦਾ ਹੈ ਅਤੇ ਇਸੇ ਲਈ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ।