ਓਟਾਵਾ— 2017-2018 ਦੇ ਅਕਾਦਮਿਕ ਸਾਲ ਲਈ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਅੰਡਰ ਗ੍ਰੈਜੂਏਟ ਪ੍ਰੋਗਰਾਮਾਂ ਲਈ ਟਿਊਸ਼ਨ ਫੀਸਾਂ ‘ਚ 3.1 ਫੀਸਦੀ ਔਸਤਨ ਵਾਧਾ ਹੋਇਆ ਹੈ। ਇਹ ਅੰਕੜੇ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਰਿਪੋਰਟ ‘ਚ ਸਾਹਮਣੇ ਆਏ ਹਨ। 2016-17 ਦੇ ਸਕੂਲੀ ਸਾਲ ‘ਚ ਔਸਤਨ ਟਿਊਸ਼ਨ ਫੀਸ 6,375 ਡਾਲਰ ਸੀ, ਜੋ ਕਿ ਵਧ ਕੇ 6,571 ਡਾਲਰ ਹੋ ਗਈ ਹੈ। ਹਾਲਾਂਕਿ ਇਹ ਇਸ ਗੱਲ ‘ਤੇ ਵੀ ਨਿਰਭਰ ਕਰਦੀ ਹੈ ਕਿ ਵਿਦਿਆਰਥੀ ਕਿਹੜੀ ਫੀਲਡ ‘ਚ ਦਾਖਲਾ ਲੈਂਦੇ ਹਨ। ਸਭ ਤੋਂ ਵਧ ਟਿਊਸ਼ਨ ਫੀਸ ਦੰਦਾ ਦੇ ਕੋਰਸ ਲਈ ਵਸੂਲ ਕੀਤੀ ਜਾਂਦੀ ਹੈ ਜਿਸ ਦੇ ਲਈ ਵਿਦਿਆਰਥੀ ਨੂੰ 22,297 ਡਾਲਰ ਅਦਾ ਕਰਨੇ ਪੈਂਦੇ ਹਨ। ਜਦੋਂਕਿ ਆਮ ਡਾਕਟਰੀ ਕੋਰਸਾਂ ਲਈ ਵਿਦਿਆਰਥੀ ਨੂੰ 14,444 ਡਾਲਰ ਦੇਣੇ ਪੈਂਦੇ ਹਨ। ਇਸ ਤਰ੍ਹਾਂ ਕਾਨੂੰਨ ਦੀ ਪੜ੍ਹਾਈ ਲਈ 13,652 ਡਾਲਰ ਦੀ ਫੀਸ ਅਦਾ ਕਰਨੀ ਪੈਂਦੀ ਹੈ, ਜਦਕਿ ਫਾਰਮੈਸੀ ਦੇ ਕੋਰਸ ਲਈ 10,279 ਡਾਲਰ ਦਾ ਖਰਚ ਆਉਂਦਾ ਹੈ।
ਆਮ ਗ੍ਰੈਜੂਏਸ਼ਨ ਕੋਰਸਾਂ ਲਈ ਔਸਤਨ ਟਿਊਸ਼ਨ ਫੀਸ ਪਹਿਲਾਂ 6,784 ਡਾਲਰ ਸੀ ਜੋ ਕਿ ਇਸ ਸਾਲ ਵਧ ਕੇ 6,907 ਡਾਲਰ ਹੋ ਗਈ ਹੈ। ਇਹ ਵਾਧਾ 1.8 ਫੀਸਦੀ ਦਰਜ ਕੀਤਾ ਗਿਆ ਹੈ। ਈ.ਐੱਮ.ਬੀ.ਏ. ਅਤੇ ਐੱਮ.ਬੀ.ਏ. ਵਰਗੇ ਗ੍ਰੈਜੂਏਟ ਕੋਰਸਾਂ ਲਈ ਵਿਦਿਆਰਥੀਆਂ ਨੂੰ 51,891 ਡਾਲਰ ਅਤੇ 29,293 ਡਾਲਰ ਫੀਸ ਵਜੋਂ ਅਦਾ ਕਰਨੇ ਪਏ। ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਸਾਲਾਨਾ ਔਸਤ ਫੀਸ ‘ਚ 6.3 ਫੀਸਦੀ ਦਾ ਵਾਧਾ ਹੋਇਆ ਜਿਸ ਨਾਲ ਉਨ੍ਹਾਂ ਦੀ ਫੀਸ ਵਧ ਕੇ 25,180 ਡਾਲਰ ਹੋ ਗਈ, ਜਦਕਿ ਗ੍ਰੈਜੂਏਟ ਕੋਰਸਾਂ ਲਈ 5.4 ਫੀਸਦੀ ਵਾਧੇ ਨਾਲ 16,252 ਡਾਲਰ ‘ਤੇ ਪੁੱਜ ਗਈ।