ਕੋਲਕਾਤਾ, 2 ਨਵੰਬਰ
ਵਿਰਾਟ ਕੋਹਲੀ ਫਾਊਂਡੇਸ਼ਨ ਤੇ ਆਰਪੀ ਸੰਜੀਵ ਗੋਇਨਕਾ ਗਰੁੱਪ ਨੇ ਦੇਸ਼ ਦੀ ਖੇਡ ਪ੍ਰਤਿਭਾ ਨੂੰ ਪ੍ਰੇਰਿਤ ਕਰਨ ਲਈ ਅੱਜ ਇਥੇ ਇੰਡੀਅਨ ਸਪੋਰਟਸ ਆਨਰਜ਼ ਪੁਰਸਕਾਰ ਦਾ ਐਲਾਨ ਕਰਦਿਆਂ ਟਰਾਫ਼ੀ ਜਾਰੀ ਕੀਤੀ। ਇਨ੍ਹਾਂ ਪੁਰਸਕਾਰਾਂ ਦਾ ਐਲਾਨ ਭਾਰਤੀ ਬੈਡਮਿੰਟਨ ਟੀਮ ਦੇ ਮੁੱਖ ਕੌਮੀ ਕੋਚ ਤੇ ਸਾਬਕਾ ਆਲ ਇੰਗਲੈਂਡ ਚੈਂਪੀਅਨ ਪੁਲੇਲਾ ਗੋਪੀਚੰਦ ਤੇ ਸੰਜੀਵ ਗੋਇਨਕਾ ਦੀ ਅਗਵਾਈ ਵਾਲੀ ਜਿਊਰੀ ਕਰੇਗੀ। ਪੁਰਸਕਾਰ 11 ਨਵੰਬਰ ਨੂੰ ਮੁੰਬਈ ਵਿੱਚ ਦਿੱਤੇ ਜਾਣਗੇ। ਇਸ ਦੌਰਾਨ ਵਿਰਾਟ ਕੋਹਲੀ ਫਾਊਂਡੇਸ਼ਨ ਵੱਲੋਂ ਦੇਸ਼ ਦੇ ਉਭਰਦੇ 15 ਨੌਜਵਾਨ ਅਥਲੀਟਾਂ ਨੂੰ ਵਜ਼ੀਫ਼ਾ ਦੀ ਦਿੱਤਾ ਜਾਵੇਗਾ, ਜੋ ਕਿਸੇ ਵੀ ਖੇਡ ਨਾਲ ਜੁੜੇ ਹੋ ਸਕਦੇ ਹਨ। ਪੁਰਸਕਾਰਾਂ ਦੀ ਜਿਊਰੀ ਵਿੱਚ ਸਿਖਰਲੇ ਟੈਨਿਸ ਸਟਾਰ ਤੇ ਕਈ ਗਰੈਂਡਸਲੈਮ ਜੇਤੂ ਮਹੇਸ਼ ਭੂਪਤੀ, ਉਡਣ ਪਰੀ ਪੀਟੀ ਊਸ਼ਾ, ਸਟਾਰ ਨਿਸ਼ਾਨੇਬਾਜ਼ ਅੰਜਲੀ ਭਾਗਵਤ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਰਜੁਨ ਹਲੱਪਾ ਸ਼ਾਮਲ ਹਨ।
ਗੋਪੀਚੰਦ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ,‘ਖਿਡਾਰੀਆਂ ਤੇ ਕੋਚਾਂ ਲਈ ਅਜਿਹੀ ਸ਼ੁਰੂਆਤ ਸ਼ਾਨਦਾਰ ਹੈ, ਜਿਸ ਨਾਲ ਉਨ੍ਹਾਂ ਨੂੰ ਭਵਿੱਖ ’ਚ ਚੰਗਾ ਕਰਨ ਦੀ ਪ੍ਰੇਰਨਾ ਮਿਲੇਗੀ। ਮੈਂ ਇਸ ਤਰ੍ਹਾਂ ਦੇ ਉਪਰਾਲੇ ਦਾ ਹਿੱਸਾ ਬਣਾ ਕੇ ਸਨਮਾਨਤ ਮਹਿਸੂਸ ਕਰ ਰਿਹਾਂ।’ ਇਨ੍ਹਾਂ ਪੁਰਸਕਾਰਾਂ ’ਚ ਸਾਲ ਦੇ ਸਪੋਰਟਸਮੈਨ ਤੇ ਸਪੋਰਟਸਵਿਮੈਨ (ਵਿਅਕਤੀਗਤ ਤੇ ਟੀਮ ਮੁਕਾਬਲੇ ਦੋਵੇਂ ਵੱਖੋ ਵੱਖਰੇ), ਸਾਲ ਦਾ ਕੋਚ, ਟੀਮ ਅਤੇ ਦਿਵਿਆਂਗ ਸ਼ਾਮਲ ਹਨ। ਭੂਪਤੀ ਨੇ ਗੋਪੀ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਸੀਜ਼ਨ ਦੌਰਾਨ ਅਜਿਹੇ ਪੁਰਸਕਾਰ ਦੇਣਾ ਪ੍ਰੇਰਨਾਦਾਇਕ ਤੇ ਰੋਮਾਂਚਕ ਹੈ। ਅਜਿਹੇ ਪੁਰਸਕਾਰਾਂ ਨਾਲ ਖਿਡਾਰੀਆਂ ਦਾ ਹੌਂਸਲਾ ਵਧੇਗਾ। ਫਾਊਂਡੇਸ਼ਨ ਵੱਲੋਂ ਜਿਊਰੀ ਆਨਰਜ਼ ਤੇ ਪਾਪੁਲਰ ਚੁਆਇਸ ਆਨਰਜ਼ ਪੁਰਸਕਾਰ ਵੀ ਦਿੱਤੇ ਜਾਣਗੇ।