ਲੰਬੀ,  ਪਿੰਡ ਬਾਦਲ ’ਚ ਅੱਜ ਹੋਈ ਸ਼ੋ੍ਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ’ਚ ਗੁਰਦਾਸਪੁਰ ਜ਼ਿਮਨੀ ਚੋਣ ’ਚ ਮਿਲੀ ਕਰਾਰੀ ਹਾਰ ਦੇ ਕਾਰਨਾਂ ’ਤੇ ਵਿਚਾਰ ਕੀਤਾ ਗਿਆ ਅਤੇ ਹਲਕਾਵਾਰ ਵੋਟਾਂ ਘਟਣ ਬਾਰੇ ਲੀਡਰਾਂ ਦੀ ਜਵਾਬਤਲਬੀ ਕੀਤੀ ਗਈ। ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ, ਕਾਂਗਰਸ ਦੀ ਹਮਲਾਵਰ ਚੋਣ ਮੁਹਿੰਮ ਅਤੇ ਦਹਿਸ਼ਤ ਭਰੇ ਮਾਹੌਲ ਨੂੰ ਕਾਂਗਰਸ ਉਮੀਦਵਾਰ ਦੀ ਵੱਡੀ ਜਿੱਤ ਦਾ ਕਾਰਨ ਮੰਨਿਆ ਗਿਆ। ਜ਼ਿਆਦਾਤਰ ਕੋਰ ਕਮੇਟੀ ਮੈਂਬਰਾਂ ਨੇ ਜ਼ਿਮਨੀ ਚੋਣਾਂ ’ਚ ਹਾਕਮ ਧਿਰ ਦਾ ਹੱਥ ’ਤੇ ਰਹਿਣ ਦੀ ਗੱਲੀ ਆਖੀ। ਜਾਣਕਾਰੀ ਮੁਤਾਬਕ ਇਸ ਜ਼ਿਮਨੀ ਚੋਣ ਦਾ ਅਸਰ ਕੌਮੀ ਪੱਧਰ ’ਤੇ ਮੰਨੇ ਜਾਣ ਕਾਰਨ ਭਾਜਪਾ ਹਾਈਕਮਾਂਡ ਅਕਾਲੀ ਦਲ ਨਾਲ ਨਾਰਾਜ਼ ਹੈ। ਮੀਟਿੰਗ ਬਾਅਦ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਜ਼ਿਮਨੀ ਚੋਣ ’ਚ ਅਕਾਲੀ ਦਲ ਦਾ ਗ੍ਰਾਫ ਵਧਿਆ ਹੈ। ਅਸੈਂਬਲੀ ਚੋਣਾਂ ਸਮੇਂ ਤੀਜੇ ਨੰਬਰ ’ਤੇ ਸੀ ਹੁਣ ਦੂਜੇ ਸਥਾਨ ’ਤੇ ਆ ਗਏ ਹਾਂ। ਸੂਤਰਾਂ ਮੁਤਾਬਕ ਮੀਟਿੰਗ ਸ਼ੋ੍ਮਣੀ ਕਮੇਟੀ ਚੋਣਾਂ ਬਾਰੇ ਵੀ ਚਰਚਾ ਹੋਈ। ਲਗਪਗ ਤਿੰਨ ਘੰਟੇ ਚੱਲੀ ਮੀਟਿੰਗ ਦੌਰਾਨ ਬਾਦਲ ਪਰਿਵਾਰ ਦੀ ਰਿਹਾਇਸ਼ ’ਤੇ ਬਾਹਰੀ ਆਮਦ ’ਤੇ ਪਾਬੰਦੀ ਰਹੀ। ਸੂਬਾਈ ਸਰਕਾਰ ਦੀਆਂ ਸੂਹੀਆ ਨਜ਼ਰਾਂ ਬਾਦਲਾਂ ਦੀ ਰਿਹਾਇਸ਼ ’ਤੇ ਟਿਕੀਆਂ ਰਹੀਆਂ।
ਅਧਿਕਾਰਤ ਪ੍ਰੈੱਸ ਬਿਆਨ ’ਚ ਅਕਾਲੀ ਦਲ ਨੇ ਕੈਪਟਨ ਸਰਕਾਰ ਦੇ ਕਿਸਾਨ ਕਰਜ਼ਾ ਮੁਆਫੀ ਨੋਟੀਫਿਕੇਸ਼ਨ ਨੂੰ ਧੋਖਾਦੇਹੀ ਕਰਾਰ ਦਿੱਤਾ ਅਤੇ ਲਾਏ ਨਵੇਂ ਕਰਾਂ ’ਤੇ ਚਿੰਤਾ ਪ੍ਰਗਟਾਈ। ਕੋਰ ਕਮੇਟੀ ਨੇ ਇਨ੍ਹਾਂ ਕਰਾਂ ਨੂੰ ਜੀਐਸਟੀ ਦੀ ਆਤਮਾ ਖ਼ਿਲਾਫ਼ ਦੱਸਦਿਆਂ ਇਨ੍ਹਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਕੋਰ ਕਮੇਟੀ ਨੇ ਪੈਟਰੋਲ ਤੇ ਡੀਜ਼ਲ ’ਤੇ ਵੈਟ ਘੱਟ ਕਰਨ ਦੀ ਮੰਗ ਕੀਤੀ। ਕੋਰ ਕਮੇਟੀ ਨੇ ਕੈਪਟਨ ਸਰਕਾਰ ਦੇ 800 ਪ੍ਰਾਇਮਰੀ ਸਕੂਲ ਬੰਦ ਕਰਨ ਦੇ ਫੈਸਲੇ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਇਸ ਨਾਲ 12 ਹਜ਼ਾਰ ਬੱਚੇ ਪ੍ਰਭਾਵਿਤ ਹੋਣਗੇ। ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਰੋਪੜ, ਹੁਸ਼ਿਆਰਪੁਰ ਤੇ ਗੁਰਦਾਸਪੁਰ ਜ਼ਿਲ੍ਹੇ ਪ੍ਰਭਾਵਿਤ ਹੋਣਗੇ। ਪੰਜਾਬ ਸਰਕਾਰ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਕੜਾਹ ਪ੍ਰਸਾਦ ਲਈ ਇਸਤੇਮਾਲ ਹੁੰਦੀਆਂ ਵਸਤਾਂ ’ਤੇ ਲੱਗਦੇ ਜੀਐਸਟੀ ’ਚੋਂ ਆਪਣਾ ਹਿੱਸਾ ਛੱਡਣ ਦੀ ਮੰਗ ਕੀਤੀ। ਕੋਰ ਕਮੇਟੀ ਨੇ ਜਗਮੀਤ ਸਿੰਘ ਨੂੰ ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦਾ ਨਵਾਂ ਆਗੂ ਚੁਣੇ ਜਾਣ ਉਤੇ ਵਧਾਈ ਦਿੱਤੀ।
ਬਡੂੰਗਰ ਦੀ ਬਾਦਲ ਤੋਂ ਦੂਰੀ ਚਰਚਾ ’ਚ
ਕੋਰ ਕਮੇਟੀ ਦੀ ਮੀਟਿੰਗ ’ਚੋਂ ਸ਼ੋ੍ਮਣੀ ਕਮੇਟੀ ਪ੍ਰਧਾਨ-ਕਮ-ਕੋਰ ਕਮੇਟੀ ਮੈਂਬਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਗ਼ੈਰਹਾਜ਼ਰ ਰਹੇ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਇਸ ਮੀਟਿੰਗ ’ਚ ਉਚੇਚੇ ਤੌਰ ’ਤੇ ਮੌਜੂਦ ਸਨ। ਜਾਣਕਾਰੀ ਮੁਤਾਬਕ ਕਾਂਗਰਸ ਦੇ ਸੱਤਾ ਵਿੱਚ ਆਉਣ ਮਗਰੋਂ ਅਕਾਲੀ ਹਾਈਕਮਾਂਡ ਤੇ ਪ੍ਰੋ. ਬਡੂੰਗਰ ਦੇ ਸਬੰਧਾਂ ’ਚ ਫ਼ਰਕ ਪਿਆ ਹੈ। ਇਸ ਨੂੰ ਪ੍ਰੋ. ਬਡੂੰਗਰ ਤੇ ਕੈਪਟਨ ਪਰਿਵਾਰ ਦੀ ਪਟਿਆਲਾ ਵਾਲੀ ਸਾਂਝ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸ ਲਈ ਨਵੰਬਰ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਨਵੇਂ ਚਿਹਰੇ ਦੀ ਪਰਚੀ ਨਿਕਲ ਸਕਦੀ ਹੈ। ਸੰਪਰਕ ਕਰਨ ’ਤੇ ਉਨ੍ਹਾਂ ਦੇ ਪੀਏ ਨੇ ਦੱਸਿਆ ਕਿ ਪ੍ਰਧਾਨ ਸਾਬ੍ਹ ਦਮਦਮਾ ਸਾਹਿਬ ਵਿਖੇ ਧਾਰਮਿਕ ਸਮਾਗਮ ’ਚ ਰੁੱਝੇ ਹੋਣ ਕਾਰਨ ਮੀਟਿੰਗ ’ਚ ਸ਼ਾਮਲ ਨਹੀਂ ਹੋ ਸਕੇ।
ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ ਤੋਂ ਅਕਾਲੀਆਂ ਨੇ ਪਾਸਾ ਵੱਟਿਆ
ਆਰਐਸਐਸ ਦੇ ਵਿੰਗ ਰਾਸ਼ਟਰੀ ਸਿੱਖ ਸੰਗਤ ਵੱਲੋਂ 25 ਅਕਤੂਬਰ ਨੂੰ ਦਿੱਲੀ ’ਚ ਕਰਾਏ ਜਾ ਰਹੇ ਸਮਾਗਮ ਤੋਂ ਅਕਾਲੀ ਦਲ ਨੇ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਕੋਰ ਕਮੇਟੀ ਨੇ ਪਾਰਟੀ ਦੇ ਪੰਥਕ ਚਿਹਰੇ ਨੂੰ ਸਿੱਧੇ ਤੌਰ ’ਤੇ ਢਾਹ ਲੱਗਣ ਕਰਕੇ ਸਮਾਗਮ ਤੋਂ ਪਾਸਾ ਵੱਟਣ ਦਾ ਫੈਸਲਾ ਲਿਆ ਹੈ। ਡਾ. ਚੀਮਾ ਨੇ ਕਿਹਾ, ‘ਮੈਨੂੰ ਇਸ ਫੈਸਲੇ ਬਾਰੇ ਜਾਣਕਾਰੀ ਨਹੀਂ ਕਿਉਂਕਿ ਮੈਂ ਕੁਝ ਸਮੇਂ ਲਈ ਮੀਟਿੰਗ ’ਚੋਂ ਬਾਹਰ ਚਲਾ ਗਿਆ ਸੀ।’