ਅਸ਼ਲੀਲ ਭਾਸ਼ਾ ਦੀ ਕੀਤੀ ਵਰਤੋਂ ਤੇ ਜਾਨੋਂ ਮਾਰਨ ਦੀ ਦਿਤੀ ਧਮਕੀ
ਕੈਨੇਡਾ ਵਿਚ ਲਗਾਤਾਰ ਨਸਲੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਵਾਰ ਤਸਵੀਰਾਂ ਪੀਟਰਬਰੋ ਤੋਂ ਸਾਹਮਣੇ ਆਈਆਂ ਹਨ। ਦਰਅਸਲ ਕੈਨੇਡਾ ਦੇ ਇਕ ਮਾਲ ਦੀ ਪਾਰਕਿੰਗ ਵਿਚ ਕੁਝ ਬਦਮਾਸ਼ ਨੌਜਵਾਨਾਂ ਨੇ ਇਕ ਭਾਰਤੀ ਜੋੜੇ ਨੂੰ ਪ੍ਰੇਸ਼ਾਨ ਕੀਤਾ। ਪੁਲਿਸ ਨੇ ਇਸ ਨੂੰ ਨਸਲੀ ਤੌਰ ‘ਤੇ ਪ੍ਰੇਰਿਤ ਹਮਲਾ ਦਸਿਆ ਹੈ।
ਦੱਸ ਦਈਏ ਕਿ ਇਹ ਘਟਨਾ 29 ਜੁਲਾਈ ਨੂੰ ਪੀਟਰਬਰੋ ਦੇ ਲੈਂਸਡਾਊਨ ਪਲੇਸ ਮਾਲ ਵਿਚ ਵਾਪਰੀ ਸੀ ਅਤੇ ਜਿਸ ਦਾ ਇਕ ਵੀਡੀਉ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਵੀਡੀਉ ਵਿਚ, ਇਕ ਪਿਕਅੱਪ ਟਰੱਕ ਵਿਚ ਸਵਾਰ ਤਿੰਨ ਨੌਜਵਾਨ ਇਕ ਜੋੜੇ ਦੀ ਕਾਰ ਦਾ ਰਸਤਾ ਰੋਕਦੇ ਹੋਏ ਅਤੇ ਗਾਲ੍ਹਾਂ ਕੱਢਦੇ, ਨਸਲੀ ਤਾਅਨੇ ਮਾਰਦੇ ਤੇ ਅਸ਼ਲੀਲ ਭਾਸ਼ਾ ਵਰਤਦੇ ਹੋਏ ਦਿਖਾਈ ਦੇ ਰਹੇ ਹਨ।
ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਜੋੜੇ ਨੇ ਅਪਣੀ ਗੱਡੀ ਦੇ ਹੋਏ ਨੁਕਸਾਨ ਨੂੰ ਲੈ ਕੇ ਸਮੂਹ ਨਾਲ ਬਹਿਸ ਕੀਤੀ। ਨੌਜਵਾਨਾਂ ਨੇ ਕਥਿਤ ਤੌਰ ‘ਤੇ “ਵੱਡੀ ਨੱਕ” ਅਤੇ “ਤੁਸੀਂ ***** ਪ੍ਰਵਾਸੀ ਹੋ” ਵਰਗੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਵਿਚੋਂ ਇਕ ਨੇ ਜਾਨੋਂ ਮਾਰਨ ਦੀ ਧਮਕੀ ਵੀ ਦਿਤੀ ਅਤੇ ਕਿਹਾ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਕਾਰ ਤੋਂ ਉਤਰ ਕੇ ਤੁਹਾਨੂੰ ਮਾਰ ਦੇਵਾਂ?”
ਇਕ ਹੋਰ ਕਲਿੱਪ ਵਿਚ, ਇਕ ਆਦਮੀ ਪੀੜਤ ਦਾ ਮਜ਼ਾਕ ਉਡਾਉਂਦੇ ਹੋਏ ਦਿਖਾਈ ਦੇ ਰਿਹਾ ਹੈ, ਇਹ ਕਹਿੰਦੇ ਹੋਏ, “ਹੇ ਵੱਡੀ ਨੱਕ, ਤੁਸੀਂ ਜਾਣਦੇ ਹੋ ਕਿ ਤੁਹਾਡੀ ਕਾਰ ਦੇ ਸਾਹਮਣੇ ਜਾ ਕੇ ਤੁਹਾਨੂੰ ਛੇੜਨਾ ਗ਼ੈਰ-ਕਾਨੂੰਨੀ ਨਹੀਂ ਹੈ। ਕੀ ਮੈਂ ਤੁਹਾਨੂੰ ਛੂਹਿਆ? ਕੀ ਮੈਂ ਤੁਹਾਨੂੰ ਛੂਹਿਆ, ਹਾਂ ਜਾਂ ਨਹੀਂ? ਮੇਰੇ ਸਵਾਲ ਦਾ ਜਵਾਬ ਦਿਉ, ਤੁਸੀਂ ਕਮੀਨੇ ਭਾਰਤੀ।”
ਜਾਂਚ ਤੋਂ ਬਾਅਦ, ਪੀਟਰਬਰੋ ਪੁਲਿਸ ਨੇ ਕਵਾਰਥਾ ਲੇਕਸ ਤੋਂ ਇਕ 18 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ‘ਤੇ ਜਾਨੋਂ ਮਾਰਨ ਤੇ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਦਾ ਦੋਸ਼ ਲਗਾਇਆ। ਉਸ ਨੂੰ ਇਕ ਜ਼ਿੰਮੇਵਾਰੀ ‘ਤੇ ਰਿਹਾਅ ਕਰ ਦਿਤਾ ਗਿਆ ਅਤੇ ਉਸ ਨੇ 16 ਸਤੰਬਰ ਨੂੰ ਅਦਾਲਤ ਵਿਚ ਪੇਸ਼ ਹੋਣਾ ਹੈ। ਜਦਕਿ ਇਸ ਮਾਮਲੇ ਵਿਚ ਕੈਨੇਡੀਅਨ ਕਾਨੂੰਨ ਦੇ ਤਹਿਤ ਕੋਈ ਖਾਸ ਨਫ਼ਰਤ ਅਪਰਾਧ ਦਾ ਦੋਸ਼ ਨਹੀਂ ਹੈ, ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ “ਨਫ਼ਰਤ ਅਪਰਾਧ ਦਾ ਇਕ ਤੱਤ ਹੈ” ਜਿਸ ‘ਤੇ ਅਦਾਲਤ ਵਿਚ ਵਿਚਾਰ ਕੀਤਾ ਜਾਵੇਗਾ।
ਪੁਲਿਸ ਮੁਖੀ ਸਟੂਅਰਟ ਬੇਟਸ ਨੇ ਕਿਹਾ, “ਜਿਸ ਕਿਸੇ ਨੇ ਵੀ ਇਸ ਮਾਮਲੇ ਦੀ ਵੀਡੀਉ ਦੇਖੀ ਹੈ ਉਹ ਸਮਝੇਗਾ ਕਿ ਇਸ ਕਿਸਮ ਦਾ ਵਿਵਹਾਰ ਸਾਡੇ ਭਾਈਚਾਰੇ ਵਿਚ, ਜਾਂ ਕਿਸੇ ਵੀ ਭਾਈਚਾਰੇ ਵਿਚ ਸਵੀਕਾਰਯੋਗ ਨਹੀਂ ਹੈ।” ਬੇਟਸ ਨੇ ਜਾਣਕਾਰੀ ਦੇਣ ਵਾਲਿਆਂ ਦੀ ਪ੍ਰਸ਼ੰਸਾ ਕੀਤੀ।