ਚੰਡੀਗੜ੍ਹ: ਔਰਤਾਂ ਬਾਰੇ ਕਥਿਤ ਤੌਰ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਮਿਲਣ ਬਾਅਦ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਅਦਾਕਾਰ ਯੋਗਰਾਜ ਸਿੰਘ ਨੇ ਪਹਿਲੀ ਵਾਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਔਰਤਾਂ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਵੀ ਮਾਂ, ਭੈਣ ਅਤੇ ਧੀ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਚੰਗੇ ਸੰਸਕਾਰ ਆਪਣੇ ਵੱਡਿਆਂ ਤੋਂ ਮਿਲੇ ਹਨ।
ਐਫਆਈਆਰ ਮੁਤਾਬਕ 8 ਮਈ 2026 ਨੂੰ ਰਿਲੀਜ਼ ਹੋਈ ਵੈੱਬ ਸੀਰੀਜ਼ ‘ਲੁਖੇ’ ਦੀ ਇੱਕ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਸ ਸਬੰਧੀ ਐਡਵੋਕੇਟ ਉੱਜਵਲ ਭਸੀਨ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਵੀਡੀਓ ਵਿੱਚ ਮਹਿਲਾਵਾਂ ਲਈ ਅਪਮਾਨਜਨਕ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
‘ਮੈਂ ਸਕ੍ਰਿਪਟ ਨਹੀਂ ਬਦਲ ਸਕਦਾ’
ਯੋਗਰਾਜ ਸਿੰਘ ਨੇ ਕਿਹਾ, “ਇਸ ਵਿੱਚ ਮੇਰਾ ਕੀ ਕਸੂਰ ਹੈ? ਡਾਇਰੈਕਟਰ ਨੇ ਸਕ੍ਰਿਪਟ ਲਿਖੀ ਹੈ। ਮੇਰੀ ਮਜਾਲ ਨਹੀਂ ਕਿ ਮੈਂ ਉਸ ਨੂੰ ਬਦਲ ਸਕਾਂ।”
ਉਨ੍ਹਾਂ ਦੱਸਿਆ ਕਿ ਉਹ ਹੋਰ ਕਈ ਫਿਲਮਾਂ ਨਾਲ ਵੀ ਜੁੜੇ ਹੋਏ ਹਨ ਅਤੇ ਹਰ ਫਿਲਮ ਦੀ ਆਪਣੀ ਸਕ੍ਰਿਪਟ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਸਿਰਫ਼ ਆਪਣੇ ਕਿਰਦਾਰ ਨੂੰ ਨਿਭਾਉਣਾ ਹੈ। ਯੋਗਰਾਜ ਸਿੰਘ ਨੇ ਕਿਹਾ ਕਿ ਜੇਕਰ ਹਰ ਅਦਾਕਾਰ ਦੇ ਕਿਰਦਾਰ ਨੂੰ ਉਸ ਦੀ ਨਿੱਜੀ ਸੋਚ ਨਾਲ ਜੋੜਿਆ ਜਾਣ ਲੱਗ ਪਏ ਤਾਂ ਕਲਾਕਾਰਾਂ ਲਈ ਕੰਮ ਕਰਨਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਮਾਮਲਾ ਇੰਨਾ ਵੱਡਾ ਰੂਪ ਧਾਰ ਲਵੇਗਾ।
ਬਚਾਅ ਪੱਖ ਦੀਆਂ ਦਲੀਲਾਂ
ਯੋਗਰਾਜ ਸਿੰਘ ਦੇ ਵਕੀਲ ਪੁਨੀਤ ਬਾਲੀਆ ਨੇ ਕਿਹਾ ਕਿ ਅਦਾਕਾਰ ਉਹੀ ਸੰਵਾਦ ਬੋਲਦਾ ਹੈ ਜੋ ਡਾਇਰੈਕਟਰ ਉਸ ਨੂੰ ਦਿੰਦਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਵੈੱਬ ਸੀਰੀਜ਼ ਦੀ ਸਕ੍ਰਿਪਟ ਪਹਿਲਾਂ ਹੀ ਤਿਆਰ ਸੀ ਅਤੇ ਯੋਗਰਾਜ ਸਿੰਘ ਨੇ ਸਿਰਫ਼ ਆਪਣੇ ਕਿਰਦਾਰ ਅਨੁਸਾਰ ਅਦਾਕਾਰੀ ਕੀਤੀ ਸੀ।
ਵਕੀਲਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਜਾਂ ਮਹਿਲਾਵਾਂ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ। ਬਚਾਅ ਪੱਖ ਨੇ ਸੰਵਿਧਾਨ ਵੱਲੋਂ ਦਿੱਤੇ ਗਏ ਅਭਿਵਿਅਕਤੀ ਦੀ ਆਜ਼ਾਦੀ ਦੇ ਅਧਿਕਾਰ ਦਾ ਵੀ ਹਵਾਲਾ ਦਿੱਤਾ ਅਤੇ ਕਿਹਾ ਕਿ ਯੋਗਰਾਜ ਸਿੰਘ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ।
