ਨਵੀਂ ਦਿੱਲੀ: ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੇ ਮੰਗਲਵਾਰ ਨੂੰ ਕਿਹਾ ਕਿ ਗਲੋਬਲ ਅਰਥਵਿਵਸਥਾ ਨੂੰ ਦਰਪੇਸ਼ ਚੁਨੌਤੀਆਂ ਨਾਲ ਨਜਿੱਠਣ ਲਈ ਨਿੱਜੀ ਖੇਤਰ ਦੇ ਨਿਵੇਸ਼ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਨਾ ਤਾਂ ਸਰਕਾਰਾਂ ਅਤੇ ਨਾ ਹੀ ਬਹੁਪੱਖੀ ਸੰਸਥਾਵਾਂ ਕੋਲ ਖ਼ਜ਼ਾਨਾ ਹੈ।
ਅਗਲੇ ਹਫਤੇ ਸ਼ੁਰੂ ਹੋਣ ਵਾਲੀ ਵਿਸ਼ਵ ਆਰਥਕ ਫੋਰਮ (ਡਬਲਯੂ.ਈ.ਐਫ.) ਦੀ ਸਾਲਾਨਾ ਬੈਠਕ ਤੋਂ ਪਹਿਲਾਂ ਡਬਲਯੂ.ਈ.ਐਫ. ਦੇ ਸੰਸਥਾਪਕ ਅਤੇ ਕਾਰਜਕਾਰੀ ਚੇਅਰਮੈਨ ਕਲਾਊਸ ਸ਼ਵਾਬ ਨਾਲ ਪੋਡਕਾਸਟ ਵਿਚ ਬੰਗਾ ਨੇ ਕਿਹਾ ਕਿ ਦੁਨੀਆਂ ਸਾਹਮਣੇ ਤੁਰਤ ਚੁਨੌਤੀਆਂ ਗਾਜ਼ਾ ਅਤੇ ਯੂਕਰੇਨ ਵਿਚ ਸੰਘਰਸ਼ ਹਨ। ਇਸ ਦੇ ਨਾਲ ਹੀ ਕਈ ਉੱਭਰ ਰਹੇ ਬਾਜ਼ਾਰਾਂ ’ਚ ਕਰਜ਼ੇ ਦੀਆਂ ਸਥਿਤੀਆਂ ਵੀ ਚੁਨੌਤੀ ਪੂਰਨ ਬਣੀ ਹੋਈਆਂ ਹਨ।
ਮਾਸਟਰਕਾਰਡ ਦੇ ਸਾਬਕਾ ਮੁਖੀ ਨੇ ਕਿਹਾ ਕਿ ਲੰਮੇ ਸਮੇਂ ਲਈ ਵੱਡੀਆਂ ਚੁਨੌਤੀਆਂ ਗਰੀਬੀ ਅਤੇ ਅਸਮਾਨਤਾ ਹਨ, ਪਰ ਵਾਤਾਵਰਣ ਵੀ ਹਨ। ਬੰਗਾ, ਜੋ ਵਿਸ਼ਵ ਆਰਥਕ ਫੋਰਮ ਦੇ ਟਰੱਸਟੀ ਬੋਰਡ ਦੇ ਮੈਂਬਰ ਵੀ ਹਨ, 15 ਜਨਵਰੀ ਤੋਂ ਸ਼ੁਰੂ ਹੋ ਰਹੇ ਪੰਜ ਰੋਜ਼ਾ ਡਬਲਯੂ.ਈ.ਐਫ. ਦਾਵੋਸ ਸਿਖਰ ਸੰਮੇਲਨ ’ਚ ਪ੍ਰਮੁੱਖ ਗਲੋਬਲ ਨੇਤਾਵਾਂ ’ਚੋਂ ਇਕ ਹੋਣਗੇ।
ਇਹ ਪੁੱਛੇ ਜਾਣ ’ਤੇ ਕਿ ਅਸਮਾਨਤਾ ਅਤੇ ਗਰੀਬੀ ਦੀਆਂ ਸਮੱਸਿਆਵਾਂ ਦਾ ਹੱਲ ਕੀ ਹੋ ਸਕਦਾ ਹੈ, ਉਨ੍ਹਾਂ ਕਿਹਾ, ‘‘… ਸਮੱਸਿਆਵਾਂ ਨੂੰ ਹੱਲ ਕਰਨ ਦਾ ਸੱਭ ਤੋਂ ਵਧੀਆ ਤਰੀਕਾ ਚੀਜ਼ਾਂ ਤਕ ਬਿਹਤਰ ਪਹੁੰਚ ਵਾਲੀ ਨੌਕਰੀ ਵੀ ਹੈ। ਕਿਉਂਕਿ ਨੌਕਰੀਆਂ ਨਾ ਸਿਰਫ ਨਿਸ਼ਚਿਤ ਆਮਦਨ ਪ੍ਰਦਾਨ ਕਰਦੀਆਂ ਹਨ ਬਲਕਿ ਸਨਮਾਨ ਨਾਲ ਗਰੀਬੀ ਦੇ ਚੱਕਰ ਤੋਂ ਬਾਹਰ ਨਿਕਲਣ ਦਾ ਮੌਕਾ ਵੀ ਦਿੰਦੀਆਂ ਹਨ।’’