ਦੁਬਈ ‘ਚ ਸ਼ੁਰੂ ਹੋਈ ਅੰਡਰ-20 ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਕ ਸੋਨ ਸਮੇਤ ਕੁੱਲ ਚਾਰ ਤਮਗੇ ਜਿੱਤੇ। ਭਾਰਤੀ ਅਥਲੀਟਾਂ ਨੇ ਜੈਵਲਿਨ ਵਿਚ ਸੋਨ ਅਤੇ ਚਾਂਦੀ ਦਾ ਤਮਗ਼ਾ ਜਿੱਤਿਆ, ਜਦਕਿ ਭਾਰਤ ਨੇ 1500 ਮੀਟਰ ਅਤੇ ਡਿਸਕਸ ਥਰੋਅ ਵਿਚ ਵੀ ਚਾਂਦੀ ਦੇ ਤਮਗ਼ੇ ਹਾਸਲ ਕੀਤੇ।
ਇਸ ਦੌਰਾਨ ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਵੀ ਦੇਸ਼ ਦਾ ਮਾਣ ਵਧਾਇਆ ਹੈ। ਉਸ ਨੇ 50-46 ਮੀਟਰ ਡਿਸਕਸ ਥਰੋ ਨਾਲ ਏਸ਼ੀਆ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਅਮਾਨਤ ਕੰਬੋਜ ਨੇ ਚੀਨ ਦੀ ਐਥਲੀਟ ਨੂੰ ਹਰਾ ਕੇ ਚਾਂਦੀ ਤਮਜ਼ਾ ਜਿੱਤਿਆ।
ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 27 ਅਪ੍ਰੈਲ ਤਕ ਚੱਲੇਗੀ। ਇਸ ਚੈਂਪੀਅਨਸ਼ਿਪ ਵਿਚ ਭਾਰਤ ਦੇ 31 ਪੁਰਸ਼ਾਂ ਸਮੇਤ 60 ਮੈਂਬਰੀ ਟੀਮ ਹਿੱਸਾ ਲੈ ਰਹੀ ਹੈ। ਇਹ ਚੈਂਪੀਅਨਸ਼ਿਪ ਪੇਰੂ ਦੇ ਲੀਮਾ ਵਿਚ 27-31 ਅਗਸਤ ਤਕ ਹੋਣ ਵਾਲੀ ਵਿਸ਼ਵ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰਨ ਵਾਲੀ ਹੈ।