ਵਾਸ਼ਿੰਗਟਨ : ਅਮਰੀਕਾ ਅਤੇ ਇਰਾਨ ਦੇ ਵਾਰਤਾਕਾਰਾਂ ਨੇ ਜੰਗਬੰਦੀ ਨੂੰ 60 ਦਿਨ ਵਧਾਉਣ ਅਤੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ‘ਤੇ ਗੱਲਬਾਤ ਸ਼ੁਰੂ ਕਰਨ ਨੂੰ ਲੈ ਕੇ ਇੱਕ ਅਸਥਾਈ ਸਮਝੌਤਾ ਕੀਤਾ ਹੈ। ਮਾਮਲੇ ਤੋਂ ਜਾਣੂ ਇੱਕ ਅਮਰੀਕੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਸ ਸਮਝੌਤੇ ਨੂੰ ਅਜੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅੰਤਿਮ ਮਨਜ਼ੂਰੀ ਮਿਲਣੀ ਬਾਕੀ ਹੈ। ਇਰਾਨ ਨੇ ਤੁਰੰਤ ਇਸ ਸੰਭਾਵੀ ਸਮਝੌਤੇ ਦੀ ਪੁਸ਼ਟੀ ਨਹੀਂ ਕੀਤੀ।
ਦੋਵਾਂ ਧਿਰਾਂ ਵਿਚਾਲੇ ਬਣਿਆ ਇਹ ਅਸਥਾਈ ਸਮਝੌਤਾ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਅਮਰੀਕਾ ਅਤੇ ਇਰਾਨ ਵਿਚਾਲੇ ਅਸਥਾਈ ਜੰਗਬੰਦੀ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਸੀ। ਦੋਵਾਂ ਦੇਸ਼ਾਂ ਵਿਚਾਲੇ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ ‘ਤੇ ਸਹਿਮਤੀ ਬਣੀ ਹੈ। ਇਸ ਦਾ ਮਕਸਦ ਜੰਗਬੰਦੀ ਨੂੰ ਵਧਾਉਣਾ ਅਤੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ‘ਤੇ ਰਸਮੀ ਗੱਲਬਾਤ ਸ਼ੁਰੂ ਕਰਨਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟਰੰਪ ਨੇ ਸਮਝੌਤੇ ‘ਤੇ ਫੈਸਲਾ ਲੈਣ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ ਹੈ। ਪ੍ਰਸਤਾਵਿਤ ਸਮਝੌਤੇ ਦੇ ਤਹਿਤ ਹੋਰਮੁਜ਼ ਸਟ੍ਰੇਟ ਵਿੱਚ ਜਹਾਜ਼ਾਂ ਦੀ ਆਵਾਜਾਈ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਰਹੇਗੀ। ਇਰਾਨ ਨੂੰ 30 ਦਿਨਾਂ ਦੇ ਅੰਦਰ ਸਮੁੰਦਰੀ ਮਾਈਨਜ਼ ਹਟਾਉਣੀਆਂ ਪੈਣਗੀਆਂ ਅਤੇ ਜਹਾਜ਼ਾਂ ਕੋਲੋਂ ਕੋਈ ਟੋਲ ਨਹੀਂ ਲਿਆ ਜਾਵੇਗਾ।
ਇਸ ਦੇ ਬਦਲੇ ਅਮਰੀਕਾ ਆਪਣੀ ਨੌਸੈਨਿਕ ਨਾਕਾਬੰਦੀ ਹੌਲੀ-ਹੌਲੀ ਹਟਾਏਗਾ ਅਤੇ ਇਰਾਨ ਨੂੰ ਤੇਲ ਵੇਚਣ ਲਈ ਕੁਝ ਪਾਬੰਦੀਆਂ ਵਿੱਚ ਰਾਹਤ ਦੇਣ ‘ਤੇ ਚਰਚਾ ਕਰੇਗਾ। ਸਮਝੌਤੇ ਵਿੱਚ ਇਰਾਨ ਦਾ ਪ੍ਰਮਾਣੂ ਹਥਿਆਰ ਨਾ ਬਣਾਉਣ ਦਾ ਵਾਅਦਾ ਵੀ ਸ਼ਾਮਲ ਹੈ। ਸ਼ੁਰੂਆਤੀ 60 ਦਿਨਾਂ ਵਿੱਚ ਹਾਈਲੀ ਐਨਰਿਚਡ ਯੂਰੇਨੀਅਮ ਅਤੇ ਯੂਰੇਨੀਅਮ ਐਨਰਿਚਮੈਂਟ ‘ਤੇ ਗੱਲਬਾਤ ਹੋਵੇਗੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟਰੰਪ ਨੇ ਅਜੇ ਅੰਤਿਮ ਮਨਜ਼ੂਰੀ ਨਹੀਂ ਦਿੱਤੀ ਹੈ ਅਤੇ ਫੈਸਲਾ ਲੈਣ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ ਹੈ।
ਜੰਗ ਸ਼ੁਰੂ ਹੋਣ ਤੋਂ ਬਾਅਦ ਸਮਝੌਤਾ ਪੱਤਰ ‘ਤੇ ਹਸਤਾਖਰ ਹੋਣਾ ਸਭ ਤੋਂ ਮਹੱਤਵਪੂਰਨ ਕੂਟਨੀਤਕ ਸਫ਼ਲਤਾ ਹੋਵੇਗੀ, ਪਰ ਪ੍ਰਮਾਣੂ ਮੁੱਦੇ ‘ਤੇ ਅੰਤਿਮ ਸਮਝੌਤੇ ਲਈ ਅਜੇ ਵੀ ਡੂੰਘੀ ਗੱਲਬਾਤ ਦੀ ਲੋੜ ਹੋਵੇਗੀ।ਅਮਰੀਕਾ ਦੇ ਇੱਕ ਅਧਿਕਾਰੀ ਨੇ ਕਿਹਾ, “ਇਹ ਸਮਝੌਤਾ ਸਾਰੀਆਂ ਧਿਰਾਂ ਨੂੰ ਗੱਲਬਾਤ ਲਈ ਮੇਜ਼ ‘ਤੇ ਲਿਆਉਣ ਲਈ ਕੀਤਾ ਗਿਆ ਹੈ। ਅਸੀਂ ਗੱਲਬਾਤ ਦੌਰਾਨ ਬਾਕੀ ਗੱਲਾਂ ‘ਤੇ ਵੀ ਚਰਚਾ ਕਰਾਂਗੇ।
